ਗੁਰਦਾਸਪੁਰ, 26 ਫਰਵਰੀ (ਚੱਕਰਾਜਾ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੰਜਾ ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮਕਸਦ ਨਾਲ 'ਹੈਂਡਮੇਡ ਮੈਟੀਰੀਅਲ' (ਹੱਥੀਂ ਤਿਆਰ ਸਾਮਾਨ) ਦੀ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ 'ਚ ਚਾਰ ਕਲੱਸਟਰ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਹਿੱਸਾ ਲਿਆ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮੱਗਰੀ ਤਿਆਰ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀ.ਪੀ.ਈ.ਓ ਨਰੇਸ਼ ਕੁਮਾਰ, ਬੀ.ਆਰ.ਸੀ ਮਨਜੀਤ ਸਿੰਘ, ਸੀ.ਐਚ.ਟੀ ਰਵੀ ਕੁਮਾਰ ਤੇ ਅਤੁਲ ਮਹਾਜਨ ਨੇ ਅਧਿਆਪਕਾਂ ਵਲੋਂ ਤਿਆਰ ਕੀਤੇ ਸਾਮਾਨ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਜ਼ਰੂਰੀ ਹਨ | ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ, ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਤੇ ਪੂਜਾ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ | ਅਧਿਆਪਕਾਂ ਨੇ ਘੱਟ ਲਾਗਤ ਵਾਲੀਆਂ ਤੇ ਘਰਾਂ 'ਚ ਮੌਜੂਦ ਚੀਜ਼ਾਂ ਤੋਂ ਸੁੰਦਰ ਚਾਰਟ ਤੇ ਪ੍ਰੀ ਪ੍ਰਾਇਮਰੀ 'ਚ ਜ਼ਰੂਰੀ ਸਮਾਨ ਤਿਆਰ ਕੀਤਾ ਜੋ ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ ਬੱਚਿਆਂ ਨੂੰ ਖੇਡ-ਖੇਡ ਵਿਚ ਸਿੱਖਣ 'ਚ ਮਦਦ ਕਰਨਗੇ | ਅਖੀਰ 'ਚ ਮਹਿਮਾਨਾਂ ਨੇ ਇਸ ਸਾਂਝੇ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਅਧਿਆਪਕਾਂ ਨੂੰ ਭਵਿੱਖ 'ਚ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |