ਵਡਾਲਾ ਗ੍ਰੰਥੀਆਂ, 3 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਕੈਨੇਡਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ ਅੱਜ ਨਜ਼ਦੀਕੀ ਪਿੰਡ ਸ਼ਾਹਬਾਦ ਵਿਖੇ ਪਿੰਡ ਦੇ ਸਾ. ਸਰਪੰਚ ਤੇ ਕਾਂਗਰਸ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਦੇ ਗ੍ਰਹਿ ਪਹੁੰਚੇ | ਇਸ ਮੌਕੇ ਉਨ੍ਹਾਂ ਦਾ ਨਗਰ ਨਿਵਾਸੀਆਂ ਵਲੋਂ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਗੱਲਬਾਤ ਦੌਰਾਨ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਵਿਦੇਸ਼ ਰਹਿੰਦੇ ਹੋਏ ਵੀ ਆਪਣੀ ਮਿੱਟੀ ਨਾਲ ਗਹਿਰਾ ਨਾਤਾ ਬਣਾਈ ਰੱਖਦੇ ਹਨ ਤੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਦੀ ਕਾਮਨਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਧਰਤੀ ਨੇ ਪੰਜਾਬੀਆਂ ਨੂੰ ਬੇਅੰਤ ਮੌਕੇ ਦਿੱਤੇ ਹਨ ਤੇ ਉੱਥੇ ਵੱਡੇ ਕਾਰੋਬਾਰਾਂ ਤੇ ਉੱਚ ਅਹੁਦਿਆਂ 'ਤੇ ਪਹੁੰਚ ਕੇ ਪੰਜਾਬੀਆਂ ਨੇ ਆਪਣਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਪਿੰਡ 'ਚ ਚਲਾਏ ਜਾ ਰਹੇ ਉਦਯੋਗ ਦਾ ਦੌਰਾ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਤੇ ਸੂਬੇ ਦੀ ਆਰਥਿਕ ਉਨਤੀ 'ਚ ਵੀ ਮਹੱਤਵਪੂਰਨ ਯੋਗਦਾਨ ਪੈ ਰਿਹਾ ਹੈ | ਇਸ ਦੌਰਾਨ ਸ਼ਾਹਬਾਦ ਵੈਲਫੇਅਰ ਸੁਸਾਇਟੀ ਵਲੋਂ ਹਰਵਿੰਦਰਪਾਲ ਸਿੰਘ ਸ਼ਾਹਬਾਦ ਸੂਬਾ ਜਨਰਲ ਸਕੱਤਰ ਕਿਸਾਨ ਕਾਂਗਰਸ ਪੰਜਾਬ, ਮਾਸਟਰ ਮਨਪ੍ਰੀਤ ਸਿੰਘ ਕਾਹਲੋਂ ਤੇ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ਬਟਾਲਾ ਮੁਖਵੰਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਅਮਰਜੀਤ ਸਿੰਘ ਗਿੱਲ, ਉਨ੍ਹਾਂ ਦੇ ਭਤੀਜੇ ਰਣਜੀਤ ਗਿੱਲ ਤੇ ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਸਾਬੀ ਕੋਕਲਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਬਲਜੀਤ ਸਿੰਘ, ਪੰਚਾਇਤ ਮੈਂਬਰ ਸ਼ੁਭਪ੍ਰੀਤ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਕਾਹਲੋਂ, ਸਟੇਟ ਯੂਥ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ, ਸੂਬੇਦਾਰ ਗੁਰਵਿੰਦਰ ਸਿੰਘ ਵਰ, ਬਿਕਰਮਜੀਤ ਸਿੰਘ ਕਾਹਲੋਂ, ਲਖਵਿੰਦਰ ਸਿੰਘ ਵਰ, ਸਿਮਰਜੀਤ ਸਿੰਘ ਵਰ ਤੇ ਏਕਮਪ੍ਰੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ |