ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਤਖ਼ਤ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਦੀ ਇਤਿਹਾਸਕ ਵਿਲੱਖਣਤਾ ਹੈ | ਇਹ ਵਿਚਾਰ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਇਸ ਸਾਲ ਮਨਾਏ ਜਾ ਰਹੇ ਹੋਲੇ ਮਹੱਲੇ ਸੰਬੰਧੀ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਬੜੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਆਉਂਦੇ ਹਨ | ਉਨ੍ਹਾਂ ਕਿਹਾ ਕਿ ਕਿ ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਗਪਗ 1700 ਈਸਵੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਕੀਤੀ ਸੀ | ਉਨ੍ਹਾਂ ਦੱਸਿਆ ਕਿ 'ਹੋਲਾ' ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜੋ ਕਿ 'ਹੁਲ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕਿਸੇ ਚੰਗੇ ਕੰਮ ਲਈ ਅੱਗੇ ਆਉਣਾ, ਕਿਸੇ ਚੰਗੇ ਕੰਮ ਲਈ ਸਿਰ ਉੱਚਾ ਕਰ ਕੇ ਲੜਨਾ | ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਇਕ ਦਿਨ ਬਾਅਦ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰ ਵਿਚ ਸਵੈ-ਮਾਣ ਦੀ ਭਾਵਨਾ ਪੈਦਾ ਕਰ ਕੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਵਿਰੁੱਧ ਹਥਿਆਰ ਚੁੱਕਣ ਲਈ ਸ਼ਕਤੀ ਪ੍ਰਦਾਨ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਲੋਕਾਂ ਨੂੰ ਜੀਵਨ ਦਾ ਇਕ ਨਵਾਂ ਰਸਤਾ ਦਿੱਤਾ | ਇਸ ਤਰ੍ਹਾਂ ਉਨ੍ਹਾਂ ਨੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਤਰੀਕੇ ਵਿਚ ਕ੍ਰਾਂਤੀ ਲਿਆ ਦਿੱਤੀ | ਜਿਵੇਂ ਕਿ ਅਸੀਂ ਜਾਣਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਧਰਤੀ ਦੇ ਜੀਵਨ ਦੇ ਆਖਰੀ ਪਲ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਬਿਤਾਏ | 4 ਅਕਤੂਬਰ 1708 ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਪਣ ਤੋਂ ਬਾਅਦ ਉਹ ਤਿੰਨ ਦਿਨਾਂ ਬਾਅਦ ਸੱਚਖੰਡ ਗਮਨ ਕਰ ਗਏ | ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਹੋਲਾ ਮਹੱਲਾ ਸ੍ਰੀ ਹਜ਼ੂਰ ਸਾਹਿਬ ਵਿਖੇ ਅੱਜ ਵੀ ਪੁਰਾਤਨ ਪਰੰਪਰਾਵਾਂ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਉੁਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੇ ਤਿਉਹਾਰ ਦੌਰਾਨ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਯੁੱਧਮਈ ਬਾਣੀ ਦਾ ਪਾਠ ਦੁਪਹਿਰ ਨੂੰ ਤਖਤ ਸੰਚਖੰਡ ਹਜ਼ੂਰ ਸਾਹਿਬ ਨੰਦੇੜ ਵਿਖੇ ਕੀਤਾ ਜਾਂਦਾ ਹੈ ਅਤੇ ਖਾਲਸਾ ਯੋਧਿਆਂ ਦੇ ਇਤਿਹਾਸਕ ਸ਼ਸਤਰ ਵੀ ਪ੍ਰਦਰਸ਼ਿਤ ਕੀਤੇ ਜਾਂਦੇ ਹਨ | ਇਸ ਦੌਰਾਨ ਤਖਤ ਸਾਹਿਬ ਵਿਖੇ ਸ਼ਾਮ 4 ਵਜੇ ਅਰਦਾਸ ਦੀ ਰਵਾਇਤੀ ਪਰੰਪਰਾ ਦੀ ਪਾਲਣਾ ਕਰਦੇ ਹੋਏ ਮਹੱਲਾ ਸ਼ੁਰੂ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਨਿਸ਼ਾਨਚੀ ਸਿੰਘ ਨਿਸ਼ਾਨ ਸਾਹਿਬ ਫੜ ਕੇ ਹੋਲਾ ਮਹੱਲਾ ਵਿਚ ਹਿੱਸਾ ਲੈਂਦੇ ਹਨ | ਗੁਰੂ ਮਹਾਰਾਜ ਦੇ ਸੋਨੇ ਅਤੇ ਚਾਂਦੀ ਦੀਆਂ ਕਾਠੀਆਂ ਨਾਲ ਸਜੇ ਹੋਏ ਘੋੜੇ ਵੀ ਮਹੱਲੇ ਵਿਚ ਸ਼ਾਮਿਲ ਹੁੰਦੇ ਹਨ | ਇਕ ਘੋੜੇ 'ਤੇ ਸਵਾਰ ਇਕ ਨਗਾਰਚੀ ਸਿੰਘ ਨਗਾਰਾ ਵਜਾਉਂਦੇ ਹੋਏ ਰਸਤੇ ਦੀ ਅਗਵਾਈ ਕਰਦਾ ਹੈ | ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਇਸ ਮਹੱਲੇ ਵਿਚ ਸੰਤ ਬਾਬਾ ਕੁਲਵੰਤ ਸਿੰਘ ਸੰਗਤ ਨਾਲ ਆਪਣੇ ਵਿਸ਼ੇਸ਼ ਪਹਿਰਾਵੇ ਵਿਚ ਸ਼ਾਮਿਲ ਹੁੰਦੇ ਹਨ ਅਤੇ ਸਿੱਖਾਂ ਤੋਂ ਇਲਾਵਾ ਮਰਾਠਾ, ਵਣਜਾਰਾ ਅਤੇ ਹੋਰ ਭਾਈਚਾਰਿਆਂ ਦੇ ਕਈ ਕੀਰਤਨੀ ਜਥੇ ਸ਼ਰਧਾ ਨਾਲ ਹਿੱਸਾ ਲੈਂਦੇ ਹਨ ਤੇ ਆਪਣੀਆਂ ਪਰੰਪਰਾਵਾਂ ਅਨੁਸਾਰ ਭਜਨ ਮੰਡਲੀਆਂ ਪੇਸ਼ ਕਰਦੇ ਹਨ | ਗਤਕਾ ਪਾਰਟੀਆਂ ਵਲੋਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਹੋਲੇ ਮਹੱਲੇ ਵਿਚ ਖਾਸ ਕਰ ਕੇ ਪੰਜਾਬ ਤੋਂ ਨਿਹੰਗ ਸਿੰਘ ਜਥੇ, ਵੱਖ-ਵੱਖ ਸੰਪਰਦਾਵਾਂ ਦੇ ਸੰਤ, ਮੁਖੀ ਸਾਹਿਬਾਨ ਅਤੇ ਦੁਨੀਆਂ ਭਰ ਦੀਆਂ ਸੰਗਤਾਂ ਹਿੱਸਾ ਲੈਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇਸ ਪਰੰਪਰਾ ਤਹਿਤ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ |