ਡੇਰਾ ਬਾਬਾ ਨਾਨਕ, 5 ਮਾਰਚ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਰਵਾਇਤੀ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਗਿਆ | ਦਰਸ਼ਨ-ਦੀਦਾਰੇ ਦੀ ਤਾਂਘ ਲੈ ਕੇ ਦੇਸ਼-ਵਿਦੇਸ਼ ਤੋਂ ਵਹੀਰਾਂ ਘੱਤ ਕੇ ਪਹੁੰਚੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਅੰਗ ਵਸਤਰ ਦੇ ਦਰਸ਼ਨ ਕਰ ਕੇ ਜੀਵਨ ਸਫਲਾ ਕੀਤਾ | ਦੂਰ-ਦੁਰਾਡੇ ਤੋਂ ਲੰਬਾ ਪੈਂਡਾ ਤੈਅ ਕਰ ਕੇ ਪਹੁੰਚੇ ਸੰਗ ਮੇਲੇ 'ਚ ਸ਼ਾਮਲ ਸੰਗਤਾਂ ਦੇ ਚਿਹਰੇ ਉੱਪਰ ਥਕਾਵਟ ਦੀ ਜਗ੍ਹਾ ਉਤਸ਼ਾਹ ਨਜ਼ਰ ਆ ਰਿਹਾ ਸੀ | ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਸਮੁੱਚਾ ਇਲਾਕਾ ਖਾਲਸਾਈ ਰੰਗ 'ਚ ਰੰਗਿਆ ਜਾਪ ਰਿਹਾ ਸੀ | ਜੋੜ ਮੇਲੇ 'ਚ ਪੁੱਜੀਆਂ ਸੰਗਤਾਂ ਦੀ ਰਿਹਾਇਸ਼, ਲੰਗਰ ਤੇ ਮੈਡੀਕਲ ਸੇਵਾਵਾਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਨੇਜਰ ਸਤਨਾਮ ਸਿੰਘ ਗੋਸਲ ਦੇ ਸੁਚੱਜੇ ਪ੍ਰਬੰਧਾਂ ਹੇਠ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮਿਆਰੀ ਪ੍ਰਬੰਧ ਕੀਤੇ ਗਏ ਸਨ ਜਦਕਿ ਸਮਾਜਸੇਵੀ ਸੰਸਥਾਵਾਂ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੰਪਰਕ ਮਾਰਗਾਂ ਰਾਹੀਂ ਆਉਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਪਿੰਡਾਂ ਦੇ ਬਾਹਰ ਚਾਹ, ਪਕੌੜੇ ਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ | ਜੋੜ ਮੇਲੇ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸੱਚਖੰਡ ਗੁਰੂ ਨਾਨਕ ਅਸਥਾਨ, ਗੁਰਦੁਆਰਾ ਬਾਬਾ ਸ੍ਰੀ ਚੰਦ ਜੀ, ਸ੍ਰੀ ਮੰਡੀ ਸਾਹਿਬ ਆਦਿ ਨੂੰ ਰੰਗ-ਬਿਰੰਗੀਆਂ ਰੌਸ਼ਨੀਆ ਨਾਲ ਸ਼ਿਗਾਰਿਆ ਗਿਆ ਸੀ, ਜੋ ਰਾਤ ਸਮੇਂ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ | ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸਜਾਏ ਗਏ ਦੀਵਾਨਾਂ 'ਚ ਪੰਥ ਪਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਕਥਾ, ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸਿੱਖ ਦਾ ਗੌਰਵਮਈ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਸੀ | ਜੋੜ ਮੇਲੇ ਦੌਰਾਨ ਮੈਡੀਕਲ ਸੇਵਾਵਾਂ ਲਈ ਪੀ.ਐੱਚ.ਸੀ. ਤੋਂ ਇਲਾਵਾ ਬਾਬਾ ਗੁਰਚਰਨ ਸਿੰਘ ਬੇਦੀ, ਬਾਬਾ ਜਗਦੀਪ ਸਿੰਘ ਬੇਦੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਬਾਬਾ ਸੁਖਦੀਪ ਸਿੰਘ ਬੇਦੀ ਦੀ ਅਗਵਾਈ 'ਚ ਮਿਆਰੀ ਪ੍ਰਬੰਧ ਕੀਤੇ ਗਏ ਸਨ | ਮੇਲੇ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਡੀ.ਐੱਸ.ਪੀ. ਜੋਗਾ ਸਿੰਘ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤ ਇੰਤਜ਼ਾਮ ਕੀਤੇ ਗਏ ਸਨ |