ਭੈਣੀ ਮੀਆਂ ਖਾਂ, 5 ਮਾਰਚ (ਜਸਬੀਰ ਸਿੰਘ ਬਾਜਵਾ)- ਅੱਜ ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਦੀ ਹੋਣ ਵਾਲੀ ਚੋਣ ਅੱਗੇ ਪਾ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਨੀਅਤ ਠੀਕ ਨਾ ਹੋਣ ਕਾਰਨ ਅੱਜ ਬਲਾਕ ਸੰਮਤੀ ਕਾਹਨੂੰਵਾਨ ਦੇ ਚੇਅਰਮੈਨ ਦੀ ਚੋਣ ਬਿਨਾਂ ਕਾਰਨ ਝੂਠਾ ਬਹਾਨਾ ਘੜ ਕੇ ਮੁਲਤਵੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਉਨ੍ਹਾਂ ਨੂੰ ਚੇਅਰਮੈਨ ਦੀ ਚੋਣ ਸਬੰਧੀ ਸੂਚਨਾ ਦਿੱਤੀ ਸੀ, ਪਰ ਅੱਜ ਸਵੇਰ ਚੋਣ ਸਮੇਂ ਉੱਚ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਫ਼ੋਨ ਉੱਤੇ ਸੂਚਨਾ ਦਿੱਤੀ ਕਿ ਚੋਣ ਅਫ਼ਸਰ ਐਸ.ਡੀ.ਐਮ. ਗੁਰਦਾਸਪੁਰ ਦੀ ਤਬੀਅਤ ਠੀਕ ਨਾ ਹੋਣ ਕਾਰਨ ਅੱਜ ਦੀ ਚੋਣ ਰੱਦ ਕਰ ਦਿੱਤੀ ਗਈ ਹੈ | ਸ: ਬਾਜਵਾ ਨੇ ਦੱਸਿਆ ਕਿ ਕਾਹਨੂੰਵਾਨ ਬਲਾਕ ਸੰਮਤੀ ਅਧੀਨ ਪੈਂਦੇ 15 ਜ਼ੋਨਾਂ ਵਿਚੋਂ ਦੋ ਦੇ ਕਾਗ਼ਜ਼ ਰੱਦ ਕਰਵਾਏ ਜਾਣ ਕਾਰਨ 13 ਜ਼ੋਨਾਂ ਵਿਚੋਂ 10 ਜ਼ੋਨਾਂ ਦੀ ਚੋਣ ਜਿੱਤ ਗਏ ਸਨ ਅਤੇ ਇਕ ਵੋਟ ਹਲਕਾ ਵਿਧਾਇਕ ਦੀ ਪਾ ਕੇ ਉਨ੍ਹਾਂ ਨਾਲ ਇਸ ਮੌਕੇ 16 ਵਿਚੋਂ 11 ਮੈਂਬਰ ਹਾਜ਼ਰ ਹਨ ਪਰ ਆਮ ਆਦਮੀ ਪਾਰਟੀ ਦਾ ਚੇਅਰਮੈਨ ਨਾ ਚੁਣੇ ਜਾਣ ਦੀ ਹਾਲਤ ਵਿਚ ਚੋਣਾਂ ਕਥਿਤ ਤੌਰ 'ਤੇ ਝੂਠੇ ਬਹਾਨੇ ਲਗਾਅ ਕੇ ਅੱਗੇ ਪਾ ਦਿੱਤੀਆਂ ਗਈਆਂ ਹਨ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨਾਲ ਸੰਮਤੀ ਮੈਂਬਰ ਅਮਰਜੋਤ ਕੌਰ ਜ਼ੋਨ ਜਾਗੋਵਾਲ ਬੇਟ, ਸੁਖਦੇਵ ਸਿੰਘ ਹੈਪੀ ਜ਼ੋਨ ਕਾਹਨੂੰਵਾਨ, ਸਿਮਰਜੀਤ ਕੌਰ ਜ਼ੋਨ ਭੈਣੀ ਮੀਆਂ ਖਾਂ, ਸਰਦਾਰਾ ਸਿੰਘ ਜ਼ੋਨ ਰਾਜੂਬੇਲਾ, ਉੱਤਮ ਸਿੰਘ ਜ਼ੋਨ ਬਾਗੜੀਆਂ, ਦਿਲਬਾਗ ਸਿੰਘ ਜ਼ੋਨ ਗੁੰਨੋਪੁਰ, ਨਰਿੰਦਰ ਕੌਰ ਜ਼ੋਨ ਭੱਟੀਆਂ, ਬਲਵਿੰਦਰ ਕੌਰ ਜ਼ੋਨ ਜਾਗੋਵਾਲ ਬਾਂਗਰ, ਬਲਜੀਤ ਸਿੰਘ ਜ਼ੋਨ ਵੜੈਚ, ਪਰਵਿੰਦਰ ਕੌਰ ਜ਼ੋਨ ਫੁੱਲੜਾ ਹਾਜ਼ਰ ਸਨ |