ਬਟਾਲਾ, 5 ਮਾਰਚ (ਰਾਕੇਸ਼ ਰੇਖੀ)- ਬਟਾਲਾ-ਪਠਾਨਕੋਟ ਹਾਈਵੇ 'ਤੇ ਪਿੰਡ ਸੈਦ ਮੁਬਾਰਕ ਵਿਚ ਸ਼ੱਕੀ ਹਾਲਾਤ 'ਚ ਹਥਿਆਰਾਂ ਸਮੇਤ ਘੁੰਮ ਰਹੇ 2 ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਪੁਲਿਸ ਨੇ ਉਨ੍ਹਾਂ ਤੋਂ ਇਕ ਨਾਜਾਇਜ਼ ਵਿਦੇਸ਼ੀ ਪਿਸਤੌਲ ਤੇ ਉਸ ਦੇ 60 ਜਿੰਦਾ ਕਾਰਤੂਸ ਬਰਾਮਦ ਕੀਤੇ | ਕਾਬੂ ਕੀਤੇ ਗਏ ਦੋਵੇਂ ਨੌਜਵਾਨ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਹਨ ਅਤੇ ਬਟਾਲਾ ਕਿਸ ਮੰਤਵ ਲਈ ਆਏ ਪੁਲਿਸ ਜਾਂਚ 'ਚ ਜੁਟੀ ਹੋਈ ਹੈ | ਜਾਣਕਾਰੀ ਅਨੁਸਾਰ ਸ਼ੱਕੀ ਹਾਲਾਤ ਵਿਚ ਵਾਰ-ਵਾਰ ਘੁੰਮ ਰਹੇ ਨੌਜਵਾਨਾਂ ਨੂੰ ਦੇਖ ਕੇ ਪਿੰਡ ਸੈਦ ਮੁਬਾਰਕ ਦੇ ਲੋਕ ਚੌਕਸ ਹੋ ਗਏ ਅਤੇ ਨੌਜਵਾਨਾਂ ਨੂੰ ਕਾਬੂ ਕਰ ਲਿਆ | ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸੈਦ ਮੁਬਾਰਕ ਦੇ ਸਰਪੰਚ ਅੰਸਾਰ ਭੱਟੀ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਹੋ ਸਕਦਾ ਹੈ ਕਿ ਉਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਆਏ ਹੋਣ | ਕਾਬੂ ਕੀਤੇ ਗਏ ਨੌਜਵਾਨਾਂ ਦੀ ਵੀਡੀਓ ਵੀ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਅੰਸਾਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਘਰ ਦੇ ਬਾਹਰ ਬਿਨਾਂ ਨੰਬਰੀ ਮੋਟਰਸਾਈਕਲ 'ਤੇ 2 ਨੌਜਵਾਨ ਕਈ ਵਾਰ ਚੱਕਰ ਲਗਾ ਚੁੱਕੇ ਹਨ ਜਿਨ੍ਹਾਂ ਪਾਸ ਹਥਿਆਰ ਵੀ ਹਨ | ਅੰਸਾਰ ਭੱਟੀ ਨੇ ਦੱਸਿਆ ਕਿ ਪਤਾ ਚੱਲਣ 'ਤੇ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ, ਜਿਸ 'ਤੇ ਕੁਝ ਪੁਲਿਸ ਕਰਮਚਾਰੀ ਵੀ ਮੌਕੇ 'ਤੇ ਪੁੱਜ ਗਏ | ਪੁਲਿਸ ਕਰਮਚਾਰੀ ਆਸ-ਪਾਸ ਦੇ ਕੈਮਰੇ ਦੇਖ ਰਹੇ ਸਨ ਕਿ ਇਸੇ ਦੌਰਾਨ ਉਕਤ ਨੌਜਵਾਨ ਫਿਰ ਆ ਗਏ ਪਰ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਏ | ਕੁਝ ਸਮੇਂ ਬਾਅਦ ਪੁਲਿਸ ਕਰਮਚਾਰੀ ਵੀ ਵਾਪਸ ਚਲੇ ਗਏ | ਪੁਲਿਸ ਦੇ ਵਾਪਸ ਜਾਣ ਤੋਂ ਬਾਅਦ ਉਕਤ ਨੌਜਵਾਨ ਮੁੜ ਆ ਗਏ ਜਿਸ 'ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਕਾਬੂ ਕਰ ਲਿਆ | ਤਲਾਸ਼ੀ ਲਏ ਜਾਣ 'ਤੇ ਉਨ੍ਹਾਂ ਕੋਲੋਂ ਇਕ ਵਿਦੇਸ਼ੀ ਨਾਜਾਇਜ਼ ਪਿਸਤੌਲ ਅਤੇ 60 ਕਾਰਤੂਸ ਬਰਾਮਦ ਕੀਤੇ ਗਏ | ਇਸ ਸਬੰਧੀ ਥਾਣਾ ਸਦਰ ਦੇ ਐਸ.ਐਚ.ਓ. ਸਬ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਕੁਲਦੀਪ ਸਿੰਘ ਵਾਸੀ ਲੰਡੇ ਕੇ ਮੋਗਾ ਤੇ ਦੂਸਰਾ ਦੀ ਪਹਿਚਾਣ ਅੰਮਿ੍ਤ ਸਿੰਘ ਉਰਫ ਬਾਜ ਪੁੱਤਰ ਨਛੱਤਰ ਸਿੰਘ ਵਾਸੀ ਮੱਧੋਕੇ ਥਾਣਾ ਅਜੀਤ ਵਾਲ ਮੋਗਾ ਦੇ ਤੌਰ 'ਤੇ ਹੋਈ ਹੈ | ਉਨ੍ਹਾਂ ਕੋਲੋਂ ਵਿਦੇਸ਼ੀ ਨਾਜਾਇਜ਼ ਪਿਸਤੌਲ ਪ੍ਰੀ ਥੀ ਐਕਸ ਤੇ 60 ਜਿੰਦਾ ਕਾਰਤੂਸ ਬਰਾਮਦ ਹੋਏ ਹਨ | ਐਸ.ਐਚ.ਓ. ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਵਿਚ ਲਿਆ ਹੈ | ਰਿਮਾਂਡ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਮੋਗਾ ਤੋਂ ਬਟਾਲਾ ਕਿਸ ਮੰਤਵ ਲਈ ਆਏ ਸਨ |