ਗੁਰਦਾਸਪੁਰ, 5 ਮਾਰਚ (ਚੱਕਰਾਜਾ)- ਪਿੰਡ ਭੰਗਵਾਂ, ਬਲਾਕ ਗੁਰਦਾਸਪੁਰ ਵਿਖੇ ਜਲ ਸਪਲਾਈ ਸਕੀਮ ਦੀ ਉਸਾਰੀ ਦਾ ਉਦਘਾਟਨ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਜਲ ਸਪਲਾਈ ਸਕੀਮ ਦੀ ਲਾਗਤ 51.58 ਲੱਖ ਰੁਪਏ ਹੈ ਤੇ ਇਹ ਕੰਮ 22 ਜੁਲਾਈ 2026 ਤੱਕ ਮੁਕੰਮਲ ਕੀਤਾ ਜਾਣਾ ਹੈ | ਉਨ੍ਹਾਂ ਅੱਗੇ ਕਿਹਾ ਕਿ ਪਿੰਡ ਭੰਗਵਾਂ ਵਿਖੇ ਜਲ ਸਪਲਾਈ ਸਕੀਮ ਲੱਗਣ ਨਾਲ ਇਸ ਪਿੰਡ ਦੇ ਪੈਂਦੇ 187 ਘਰਾਂ ਨੂੰ ਪੀਣ ਯੋਗ ਸਵੱਛ ਪਾਣੀ ਦੀ ਉਚਿੱਤ ਮਾਤਰਾ ਵਿਚ ਸਪਲਾਈ ਮੁਹੱਈਆ ਕਰਵਾਈ ਜਾਵੇਗੀ | ਇਸ ਸਕੀਮ ਅਧੀਨ ਨਵਾਂ ਟਿਊਬਵੈਲ, ਨਵੀਂ ਪਾਣੀ ਦੀ ਟੈਂਕੀ, ਪਾਈਪ ਲਾਈਨ, ਸੋਲਰ ਪੈਨਲ, ਕਲੋਰੀਨੇਟਰ, ਪਾਣੀ ਦੇ ਨਵੇਂ ਕੁਨੈਕਸ਼ਨ ਆਦਿ ਦਾ ਕੰਮ ਕਰਵਾਇਆ ਜਾਣਾ ਹੈ | ਇਸ ਮੌਕੇ ਰਮਨ ਬਹਿਲ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਯੋਗ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਭੰਗਵਾਂ ਦੀ ਆਬਾਦੀ ਵਧਣ ਕਾਰਨ ਅਤੇ ਜੀ.ਪੀ.ਡਬਲਯੂ.ਐਸ.ਸੀ. ਕਮੇਟੀ ਵਲੋਂ ਬੇਨਤੀ ਕੀਤੀ ਗਈ ਸੀ ਕਿ ਪਿੰਡ ਵਿਚ ਪਾਣੀ ਖ਼ਰਾਬ ਹੋਣ ਕਰਕੇ ਬਹੁਤ ਜ਼ਿਆਦਾ ਕੈਂਸਰ ਦੇ ਕੇਸ ਆ ਰਹੇ ਹਨ ਜਿਸ ਕਰਕੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਹੁਣ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪਿੰਡ ਭੰਗਵਾਂ ਨੂੰ ਪਾਈਪਡ ਜਲ ਸਪਲਾਈ ਸਕੀਮ ਰਾਹੀਂ ਮੱਦ ਨਬਾਰਡ-30 ਅਧੀਨ ਕਵਰ ਕਰਦੇ ਹੋਏ ਨਵੀਂ ਜਲ ਸਪਲਾਈ ਸਕੀਮ ਬਣਾਈ ਗਈ ਹੈ ਜਿਸ ਦੀ ਲਾਗਤ 51.58 ਲੱਖ ਰੁਪਏ ਆਈ ਹੈ ਜਿਸ ਵਿਚ ਟੈਂਕੀ, ਟਿਊਬਵੈੱਲ, ਪੰਪ ਚੈਂਬਰ, ਪਾਣੀ ਦੀਆਂ ਪਾਈਪਾਂ, ਪੰਪਿੰਗ ਮਸ਼ੀਨਰੀ ਤੇ ਪਾਣੀ ਦੇ ਕੁਨੈਕਸ਼ਨ ਸ਼ਾਮਿਲ ਹਨ | ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਰਾਜੇਸ਼ ਭੰਗਵਾਂ ਸਰਪੰਚ-ਕਮ-ਚੇਅਰਮੈਨ ਜੀ.ਪੀ.ਡਬਲਿਯੂ.ਐਸ.ਸੀ. ਸਮੇਤ ਸਮੂਹ ਮੈਂਬਰ ਅਤੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |