ਪਠਾਨਕੋਟ, 5 ਮਾਰਚ (ਆਸ਼ੀਸ਼ ਸ਼ਰਮਾ)- ਪਠਾਨਕੋਟਜੰਮੂ ਹਾਈਵੇ 'ਤੇ ਸਥਿਤ ਡਾਊਨ ਟਾਊਨ ਮਾਲ ਪਠਾਨਕੋਟ ਦੇ ਬਾਹਰ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ | ਇਸ ਘਟਨਾ ਨਾਲ ਇਲਾਕੇ ਵਿਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ | ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋ ਵਾਹਨਾਂ ਦੇ ਡਰਾਈਵਰਾਂ ਵਿਚਾਲੇ ਹਾਰਨ ਵਜਾਉਣ ਨੂੰ ਲੈ ਕੇ ਤਕਰਾਰ ਹੋ ਗਈ | ਛੋਟੀ ਜਿਹੀ ਤਕਰਾਰ ਕੁਝ ਹੀ ਸਮੇਂ ਵਿਚ ਵੱਡੇ ਝਗੜੇ 'ਚ ਤਬਦੀਲ ਹੋ ਗਈ ਅਤੇ ਦੋਵੇਂ ਪੱਖਾਂ ਦੇ ਲੋਕ ਇਕੱਠੇ ਹੋ ਕੇ ਆਪਸ ਵਿਚ ਭਿੜ ਪਏ | ਗ਼ੁੱਸੇ ਵਿਚ ਆ ਕੇ ਕੁਝ ਵਿਅਕਤੀਆਂ ਨੇ ਹਵਾਈ ਫਾਇਰਿੰਗ ਵੀ ਕਰ ਦਿੱਤੀ ਜਿਸ ਨਾਲ ਉੱਥੇ ਮੌਜੂਦ ਲੋਕ ਘਬਰਾ ਗਏ ਅਤੇ ਦੌੜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ | ਝਗੜੇ ਦੌਰਾਨ ਕੁਝ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ | ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ | ਪੁਲਿਸ ਨੇ ਹਾਲਾਤ 'ਤੇ ਕਾਬੂ ਪਾ ਕੇ ਘਟਨਾ ਵਿਚ ਸ਼ਾਮਿਲ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ | ਇਸ ਸਬੰਧੀ ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਾਹਨਾਂ ਦੇ ਹਾਰਨ ਨੂੰ ਲੈ ਕੇ ਹੋਈ ਤਕਰਾਰ ਨੇ ਬਾਅਦ 'ਚ ਹਿੰਸਕ ਰੂਪ ਧਾਰ ਲਿਆ | ਕੁਝ ਲੋਕਾਂ ਵਲੋਂ ਹਵਾਈ ਫਾਇਰਿੰਗ ਕਰਨ ਅਤੇ ਵਾਹਨਾਂ ਦੀ ਤੋੜਫੋੜ ਕਰਨ ਦੀ ਵੀ ਪੁਸ਼ਟੀ ਹੋਈ ਹੈ | ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |