ਘਰੋਟਾ, 5 ਮਾਰਚ (ਸੰਜੀਵ ਗੁਪਤਾ)- ਸਕੂਲ ਸਿੱਖਿਆ ਵਿਭਾਗ ਵਲੋਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਰਾਹੀਂ ਜਾਰੀ ਕੀਤੀ ਗਈ ਪੰਜਵੀਂ ਜਮਾਤ ਦੀ ਡੇਟ ਸ਼ੀਟ ਅਨੁਸਾਰ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ | ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਬਲਾਕ ਜ਼ਿਲ੍ਹਾ ਪਠਾਨਕੋਟ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਪੇਪਰਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਪੱਸ਼ਟ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਕੋਈ ਵੀ ਨਿਗਰਾਨ ਬਿਨਾਂ ਵਾਜਬ ਕਾਰਨ ਛੁੱਟੀ ਨਹੀਂ ਲਵੇਗਾ ਤੇ ਮੈਡੀਕਲ ਛੁੱਟੀ ਲਈ ਐਸ.ਐਮ.ਓ. ਤੋਂ ਪ੍ਰਮਾਣਿਤ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੋਵੇਗਾ | ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਸੱਤਾਂ ਬਲਾਕਾਂ ਅੰਦਰ 204 ਸਰਕਾਰੀ ਸਕੂਲਾਂ ਤੇ 136 ਪ੍ਰਾਈਵੇਟ ਸਕੂਲਾਂ ਅੰਦਰ ਸੈਂਟਰ ਬਣਾਏ ਗਏ ਹਨ | ਨਿਗਰਾਨ ਕਮ ਪ੍ਰੀਖਿਅਕਾਂ ਦੀਆਂ ਅੰਤਰ ਕਲੱਸਟਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਸਾਰੇ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਸਫ਼ਾਈ, ਰੌਸ਼ਨੀ ਤੇ ਬੈਠਕ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਨਿਗਰਾਨ ਰੋਜ਼ਾਨਾ ਸਵੇਰੇ ਸਬੰਧਿਤ ਸੈਂਟਰ ਹੈਡ ਟੀਚਰ ਕੋਲੋਂ ਸੀਲਬੰਦ ਪੇਪਰ ਪ੍ਰਾਪਤ ਕਰਨਗੇ ਅਤੇ ਉਸੇ ਦਿਨ ਉਨ੍ਹਾਂ ਦੀ ਜਾਂਚ ਕਰਕੇ ਅਵਾਰਡ ਲਿਸਟਾਂ ਸਮੇਤ ਪੇਪਰ ਵਾਪਸ ਸੈਂਟਰ ਹੈਡ ਟੀਚਰ ਨੂੰ ਸੌਂਪਣਗੇ | ਗੌਰਤਲਬ ਹੈ ਕਿ ਪੰਜਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 6 ਮਾਰਚ ਤੋਂ 12 ਮਾਰਚ ਤੱਕ ਚੱਲਣਗੀਆਂ ਅਤੇ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ | ਇਸ ਮੌਕੇ ਕਲਰਕ ਤਰੁਣ ਪਠਾਨੀਆ, ਡੀ.ਆਰ.ਸੀ. ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਤੇ ਬਲਕਾਰ ਅੱਤਰੀ ਆਦਿ ਹਾਜ਼ਰ ਸਨ |