ਤਾਰਾਗੜ੍ਹ, 5 ਮਾਰਚ (ਸੋਹਨ ਲਾਲ)- ਪਿੰਡ ਫੇਰੂਵਾਲ ਵਿਖੇ ਬਾਬਾ ਪੰਜ ਪੀਰ ਨੂੰ ਸਮਰਪਿਤ 20ਵਾਂ ਛਿੰਝ ਮੇਲਾ ਸੇਵਕ ਸੋਮ ਰਾਜ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਬਾਬਾ ਰਾਧੇ ਰਾਮ ਡੇਰਾ ਭਟੋਆ ਦੇ ਗੱਦੀ ਸੰਚਾਲਕ ਬਾਬਾ ਦੇਸ ਰਾਜ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ ਵਾਲੇ ਦਿਨ ਸਵੇਰ ਤੋਂ ਹੀ ਦਰਗਾਹ 'ਤੇ ਸੇਵਕ ਸੋਮਰਾਜ ਤੇ ਹੋਰ ਸੇਵਕਾਂ ਨੇ ਦਰਗਾਹ ਦੇ ਆਸ ਪਾਸ ਦੀ ਸਫ਼ਾਈ ਕੀਤੀ ਤੇ ਫਿਰ ਮੁੱਖ ਤੌਰ 'ਤੇ ਹਾਜ਼ਰ ਹੋਏ ਬਾਬਾ ਦੇਸ ਰਾਜ ਹਾਜਰੀ ਵਿੱਚ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਬਾਅਦ ਦੁਪਹਿਰ ਭੰਡਾਰਾ ਚਲਾਇਆ ਗਿਆ ਅਤੇ ਫਿਰ ਚਾਰ ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕੁਸ਼ਤੀ ਮੁਕਾਬਲੇ ਕਰਵਾਏ ਗਏ | ਕੁਸ਼ਤੀ ਮੁਕਾਬਲੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਤਰਨ ਤਾਰਨ ਜ਼ਿਲੇ੍ਹ ਤੋਂ ਇਲਾਵਾ ਹਿਮਾਚਲ ਤੋਂ ਨੌਜਵਾਨ ਪਹਿਲਵਾਨਾਂ ਨੇ ਭਾਗ ਲਿਆ ਤੇ ਆਪਣੀ ਕੁਸ਼ਤੀ ਦਾ ਪੇਜ ਦਿਖਾਉਂਦੇ ਹੋਏ ਪ੍ਰਬੰਧਕ ਕਮੇਟੀ ਕੋਲੋਂ ਨਕਦ ਰਾਸ਼ੀ ਪ੍ਰਾਪਤ ਕੀਤੀ | ਛਿੰਝ ਮੇਲੇ ਦੀ ਝੰਡੀ ਦੀ ਕੁਸ਼ਤੀ ਤਰਨ ਤਾਰਨ ਜ਼ਿਲੇ੍ਹ ਤੋਂ ਕਾਦਰ ਪਹਿਲਵਾਨ ਅਤੇ ਘਨੱਈਆ ਜੱਟ ਪਹਿਲਵਾਨ ਨਾਲ ਕਰਵਾਈ ਗਈ | ਫਸਵਾ ਮੁਕਾਬਲਾ ਹੋਣ ਤੋਂ ਬਾਅਦ ਘਨੱਈਆ ਪਹਿਲਵਾਨ ਨੇ ਮਾਲੀ ਦੀ ਕੁਸ਼ਤੀ ਤੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਦੇਸਰਾਜ ਭਟੋਆ ਤੇ ਸੇਵਕ ਸੋਮਰਾਜ ਨੇ ਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਘਨੱਈਆ ਨੂੰ 5100 ਰੁਪਏ ਤੇ ਦੂਸਰੇ ਪਹਿਲਵਾਨ ਨੂੰ 3100 ਇਨਾਮ ਵਜੋਂ ਦਿੱਤੇ ਗਏ | ਇਸ ਮੌਕੇ ਬਾਬਾ ਦੇਸਰਾਜ, ਸੇਵਕ ਸੋਮਰਾਜ, ਹਰਜੀਤ ਪਾਲ, ਇੰਦਰਪਾਲ, ਜੋਗਿੰਦਰ ਪਾਲ, ਪ੍ਰਕਾਸ਼ ਚੰਦ, ਮੱਕੀ, ਚਮਨ ਲਾਲ, ਜਸਪਾਲ, ਸਰਬਜੀਤ, ਜੋਗਰਾਜ, ਮੋਹਿਤ, ਗੁਰਮੀਤ, ਗੌਤਮ, ਚੈਨ ਰਾਮ, ਰਾਜਾ, ਨਵੀ, ਚੰਦਨ, ਵਿਨੇ, ਛੋਟੂ, ਅਸ਼ਵਨੀ, ਮਨੀਸ਼ ਆਦਿ ਹਾਜ਼ਰ ਸਨ |