ਗੁਰਦਾਸਪੁਰ, 6 ਮਾਰਚ (ਚੱਕਰਾਜਾ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਕੁਲਦੀਪ ਪੁਰੋਵਾਲ, ਦਿਲਦਾਰ ਭੰਡਾਲ, ਸੁਖਵਿੰਦਰ ਰੰਧਾਵਾ, ਜੋਤ ਪ੍ਰਕਾਸ਼ ਸਿੰਘ, ਅਮਰਬੀਰ ਸਿੰਘ, ਸੁਭਾਸ਼ ਚੰਦ, ਪੁਰਾਣੀ ਪੈਨਸ਼ਨ ਬਹਾਲ ਕਮੇਟੀ ਦੇ ਲਵਪ੍ਰੀਤ ਰੋੜਾਂਵਾਲੀ, ਅਮਨਦੀਪ ਧਾਰੀਵਾਲ, ਜੰਗਲਾਤ ਵਰਕਰ ਯੂਨੀਅਨ ਦੇ ਆਗੂ ਰਣਜੀਤ ਸਿੰਘ, ਕੁਲਦੀਪ ਸਿੰਘ, ਪੀ.ਡਬਲਿਊ.ਡੀ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਸਤਨਾਮ ਸਿੰਘ, ਪੇ੍ਰਮ ਕੁਮਾਰ, ਹਰਪਾਲ ਸਿੰਘ, ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਦੇ ਮਨਜੀਤ ਕੌਰ, ਚੰਪਾ ਦੇਵੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, 16 ਫ਼ੀਸਦੀ ਡੀ.ਏ. ਦੀ ਕਿਸ਼ਤ ਜਾਰੀ ਕਰਨ, ਏ.ਸੀ.ਪੀ. ਸਕੀਮ ਅਤੇ ਭੱਤੇ ਬਹਾਲ ਕਰਨ, ਟੈੱਟ ਦੀ ਸ਼ਰਤ ਵਾਪਸ ਲੈਣ, ਕੱਚੇ ਕਾਮੇ ਪੱਕੇ ਕਰਨ, ਮਿਡ ਡੇਅ ਮੀਲ ਵਰਕਰਾਂ ਦਾ ਭੱਤਾ ਹਰਿਆਣਾ ਪੈਟਰਨ 'ਤੇ ਕਰਨ ਆਦਿ ਮੰਗਾਂ ਦੇ ਹੱਲ ਲਈ 8 ਮਾਰਚ ਨੂੰ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਚੰਡੀਗੜ੍ਹ ਰੈਲੀ 'ਚ ਸ਼ਾਮਿਲ ਹੋਣਗੇ ਤੇ ਵਿਧਾਨ ਸਭਾ ਵੱਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕਰਨਗੇ | ਆਗੂਆਂ ਕਿਹਾ ਕਿ ਮੁੱਖ ਮੰਤਰੀ ਵਲੋਂ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਮੰਗਾਂ ਨੂੰ ਵਿਧਾਨ ਸਭਾ ਬਜਟ ਸੈਸ਼ਨ 'ਚ ਅਣਗੌਲਿਆ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਵੀ ਵੱਡੇ ਸੰਘਰਸ਼ ਕੀਤੇ ਜਾਣਗੇ |