ਤਾਰਾਗੜ੍ਹ, 6 ਮਾਰਚ (ਸੋਹਨ ਲਾਲ) - ਵਿਧਾਨ ਸਭਾ ਹਲਕਾ ਭੋਆ ਤੋਂ ਬੀ.ਜੇ.ਪੀ. ਦੇ ਤਾਰਾਗੜ੍ਹ ਮੰਡਲ ਜਨਰਲ ਸਕੱਤਰ ਸੁਰਿੰਦਰ ਸ਼ਿੰਦਾ ਦੀ ਅਗਵਾਈ ਹੇਠ ਬੀ.ਜੇ.ਪੀ. ਵਰਕਰ ਵਲੋਂ ਮੀਟਿੰਗ ਕੀਤੀ ਗਈ | ਸੁਰਿੰਦਰ ਸ਼ਿੰਦਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਪਹੁੰਚ ਰਹੇ ਹਨ ਤੇ ਮਹਾਂ ਰੈਲੀ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਮੋਗਾ ਵਿਚ ਹੋਣ ਵਾਲੀ ਰੈਲੀ ਪੰਜਾਬ ਦੀ ਰਾਜਨੀਤੀ ਹੀ ਨਹੀਂ ਸਗੋਂ ਪ੍ਰਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਨਵੀਂ ਦਿਸ਼ਾ ਤਹਿ ਕਰੇਗੀ ਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਦੀ ਸ਼ੁਰੂਆਤ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਇਹ ਦੌਰਾ ਸਿਰਫ਼ ਰਾਜਨੀਤਿਕ ਪ੍ਰੋਗਰਾਮ ਨਹੀਂ ਬਲਕਿ ਪੰਜਾਬ ਦੇ ਉਜਲੇ ਭਵਿੱਖ ਦਾ ਸੰਦੇਸ਼ ਲੈ ਕੇ ਆ ਰਿਹਾ ਹੈ | ਉਨ੍ਹਾਂ ਵਿਸ਼ਵਾਸ ਜਿਤਾਇਆ ਕਿ ਇਸ ਰੈਲੀ ਰਾਹੀਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਨੀਤੀਆਂ ਦੀ ਸਪੱਸ਼ਟ ਤਸਵੀਰ ਲੋਕਾਂ ਸਾਹਮਣੇ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਲੰਮੇ ਸਮੇਂ ਤੋਂ ਕਈ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਚਾਹੇ ਉਹ ਨੌਜਵਾਨਾਂ ਵਿਚ ਵਧਦੀ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਹੋਣ ਜਾਂ ਉਦਯੋਗਾਂ ਵਿਚ ਆਈ ਮੰਦੀ ਹੋਵੇ | ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਗ੍ਰਹਿ ਮੰਤਰੀ ਦਾ ਮੋਗਾ ਦੌਰਾ ਪੰਜਾਬ ਲਈ ਆਸ ਤੇ ਵਿਸ਼ਵਾਸ ਦਾ ਪ੍ਰਤੀਕ ਹੈ | ਇਸ ਸਮੇਂ ਉਨ੍ਹਾਂ ਨਾਲ ਅਸ਼ੋਕ ਕੁਮਾਰ, ਕਰਮ ਚੰਦ, ਠਾਕੁਰ ਪੀਕੂ ਖੋਖਰ ਕੋਟਲੀ, ਕੁਕ ਬਾਬਾ, ਬੀ.ਸੀ. ਪ੍ਰਧਾਨ ਅਮਰਜੀਤ ਸੈਣੀ ਅਤੇ ਸੁਰਿੰਦਰ ਪਾਲ ਮੌਜੂਦ ਸਨ |