ਬਟਾਲਾ, 7 ਮਾਰਚ (ਸਤਿੰਦਰ ਸਿੰਘ)- ਖੇਡਾਂ ਦੇ ਖੇਤਰ ਵਿਚ ਆਪਣੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਕਾਰਨ ਜਾਣੀ ਜਾਂਦੀ ਸੰਸਥਾ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਕੋਟ ਧੰਦਲ ਦੀਆਂ ਖਿਡਾਰਨਾਂ ਨੇ ਅੱਠਵੀਂ ਯੂਥ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ, ਜੋ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਮਲੋਟ ਵਿਖੇ ਹੋਈ, ਵਿਚ ਆਪਣੀ ਖੇਡ ਦਾ ਇਕ ਵਾਰ ਫਿਰ ਤੋਂ ਲੋਹਾ ਮਨਵਾਇਆ ਹੈ | ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਦੇ ਸਾਰੇ ਬਾਕਸਿੰਗ ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਕੋਟ ਧੰਦਲ ਦੀ ਵਿਦਿਆਰਥਣ ਗੁਰਤਾਨਿਸ਼ ਕੌਰ ਨੇ 75-80 ਭਾਰ ਵਰਗ ਸੋਨ ਤਗਮਾ ਹਾਸਲ ਕੀਤਾ | ਇਸ ਤਗਮੇ ਨਾਲ ਹੀ ਆਪਣਾ ਨਾਂਅ ਨੈਸ਼ਨਲ ਲਈ ਦਰਜ ਕਰਵਾਇਆ | ਇਸੇ ਤਰ੍ਹਾਂ ਸੰਸਥਾ ਦੀ ਵਿਦਿਆਰਥਣ ਅਵਨੀਤ ਕੌਰ ਨੇ 66-70 ਭਾਰ ਵਰਗ 'ਚ ਕਾਂਸੇ ਦਾ ਤਗਮਾ ਜਿੱਤਿਆ | ਇਨ੍ਹਾਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨੇ ਇਕ ਵਾਰ ਫਿਰ ਤੋਂ ਸੰਸਥਾ ਦੀ ਖੇਡਾਂ ਪ੍ਰਤੀ ਤਨਦੇਹੀ ਅਤੇ ਸਮਰਪਣ 'ਤੇ ਮੋਹਰ ਲਗਾਈ ਹੈ ਜਿੱਥੇ ਗੁਰਤਾਨਿਸ਼ ਕੌਰ ਦੀ ਨੈਸ਼ਨਲ ਲਈ ਚੋਣ ਨਾਲ ਮਾਪੇ ਤੇ ਸੰਸਥਾ ਮਾਣ ਮਹਿਸੂਸ ਕਰ ਰਹੀ ਹੈ ਉਥੇ ਹੀ ਅਵਨੀਤ ਕੌਰ ਦੀ ਪ੍ਰਾਪਤੀ ਵੀ ਭਵਿੱਖ ਵਿਚ ਸੰਸਥਾ ਦੇ ਹਿੱਸੇ ਆਉਣ ਵਾਲੇ ਕਈ ਹੋਰ ਤਗਮਿਆਂ ਦਾ ਪ੍ਰਮਾਣ ਹੈ | ਇਨ੍ਹਾਂ ਵਿਦਿਆਰਥਣਾਂ ਦੀ ਪ੍ਰਾਪਤੀ 'ਤੇ ਪਿ੍ੰਸੀਪਲ ਹਰਵਿੰਦਰ ਸਿੰਘ ਰਿਆੜ੍ਹ ਵਲੋਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਹ ਬੱਚੇ ਸੰਸਥਾ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਮਾਣ ਹਨ |