ਗੁਰਦਾਸਪੁਰ, 7 ਮਾਰਚ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਅੱਜ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ 34 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 12 ਮੁੱਖ ਸੜਕਾਂ ਦੇ ਨਵੀਨੀਕਰਨ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸਮਾਗਮ ਦੌਰਾਨ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਸ਼ਹਿਰ ਵਿਚਲੀਆਂ 22.85 ਕਿੱਲੋਮੀਟਰ ਲੰਮੀਆਂ ਸੜਕਾਂ ਦੇ ਨਵੀਨੀਕਰਨ, ਚੌੜਾ ਕਰਨ ਅਤੇ ਸਾਈਡਾਂ 'ਤੇ ਇੰਟਰਲਾਕ ਟਾਈਲਾਂ ਲਗਾਉਣ ਲਈ 34 ਕਰੋੜ ਨਾਲ 12 ਮੁੱਖ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਅੱਜ ਇਨ੍ਹਾਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਲਿਆਉਣ ਲਈ ਟੈਂਡਰਾਂ 'ਚ ਇਕ ਨਵੀਂ ਮੱਦ ਜੋੜੀ ਹੈ, ਜਿਸ ਤਹਿਤ ਜੋ ਠੇਕੇਦਾਰ ਸੜਕ ਬਣਾਵੇਗਾ, ਉਹ ਪੰਜ ਸਾਲਾ ਲਈ ਸੜਕ ਦੀ ਮੇਨਟੀਨੈਂਸ ਲਈ ਵੀ ਜ਼ਿੰਮੇਵਾਰ ਹੋਵੇਗਾ ਤੇ ਜੇਕਰ ਇਸ ਸਮੇਂ ਦੌਰਾਨ ਸੜਕ ਟੁੱਟਦੀ ਹੈ ਤਾਂ ਸੜਕ ਦੀ ਮੁਰੰਮਤ ਠੇਕੇਦਾਰ ਵਲੋਂ ਕੀਤੀ ਜਾਵੇਗੀ | ਸ੍ਰੀ ਬਹਿਲ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਸੂਬੇ ਦਾ ਸਰਵਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹਨ ਤੇ ਗੁਰਦਾਸਪੁਰ ਨੂੰ ਨੰਬਰ ਇਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ | ਉਨ੍ਹਾਂ ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੀ ਰਾਸ਼ੀ ਲਈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਹਿਰ ਵਾਸੀਆਂ ਨੇ ਹਲਕਾ ਇੰਚਾਰਜ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਗਾਤਾਰ ਸ਼ਹਿਰ ਅੰਦਰ ਲੋਕ ਹਿਤ ਵਿਚ ਕਾਰਜ ਕਰਵਾਏ ਗਏ ਹਨ ਜੋ ਸ਼ਲਾਘਾਯੋਗ ਹਨ | ਇਸ ਮੌਕੇ ਭਾਰਤ ਭੂਸ਼ਣ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗਗਨ ਮਹਾਜਨ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ, ਰਘੁਬੀਰ ਸਿੰਘ ਟੋਨੀ ਖ਼ਾਲਸਾ ਬਲਾਕ ਪ੍ਰਧਾਨ, ਯੋਗੇਸ਼ ਸ਼ਰਮਾ, ਨੀਰਜ ਸਲਹੋਤਰਾ ਹਲਕਾ ਕੋਆਰਡੀਨੇਟਰ ਯੁੱਧ ਨਸ਼ੇ ਵਿਰੁੱਧ, ਰਜਿੰਦਰ ਨੰਦਾ ਚੇਅਰਮੈਨ ਟਰੇਡ ਵਿੰਗ, ਅਸ਼ੋਕ ਮਹਾਜਨ ਪ੍ਰਧਾਨ ਵਪਾਰ ਮੰਡਲ, ਰਵੀ ਮਹਾਜਨ ਪ੍ਰਧਾਨ ਨਿਊ ਸਬਜ਼ੀ ਮੰਡੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |