ਗੁਰਦਾਸਪੁਰ, 9 ਮਾਰਚ (ਗੁਰਪ੍ਰਤਾਪ ਸਿੰਘ)- ਸੂਬੇ ਅੰਦਰਲੀ ਕਾਨੂੰਨੀ ਵਿਵਸਥਾ ਨੰੂ ਲੈ ਕੇ ਵਿਧਾਨ ਸਭਾ ਦੇ ਬਾਹਰ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਕਾਰ ਤਿੱਖੀ ਬਹਿਸ ਹੋਈ | ਇਸ ਬਹਿਸ ਦੌਰਾਨ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸੂਬੇ ਅੰਦਰ ਕਾਨੰੂਨੀ ਵਿਵਸਥਾ ਬੁਰੀ ਤਰ੍ਹਾਂ ਵਿਗੜਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਗ੍ਰਨੇਡ ਹਮਲਾ ਹੋਇਆ ਜਿਸ ਨੰੂ ਪੁਲਿਸ ਟਰੱਕ ਦੇ ਟਾਇਰ ਫਟਣ ਨਾਲ ਜੋੜ ਰਹੀ ਸੀ, ਇਸ ਗ੍ਰਨੇਡ ਹਮਲੇ ਵਿਚ ਜ਼ਖ਼ਮੀ ਹੋਈ ਔਰਤ ਦੇ ਸਰੀਰ ਵਿਚ 60 ਤੋਂ ਵੱਧ ਬੰਬ ਦੇ ਛਰੇ੍ਹ ਮੌਜੂਦ ਹਨ | ਜਦੋਂ ਕਿ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਆਪਣੀ ਨਜ਼ਰ ਗੁਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਗ੍ਰਨੇਡ ਹਮਲੇ ਵਿਚ ਜ਼ਖ਼ਮੀ ਹੋਏ ਪੀੜਤ ਲੋਕਾਂ ਦੀ ਸਾਰ ਲੈਣ ਲਈ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਜਾਂ ਵੱਡਾ ਅਹੁਦੇਦਾਰ ਨਹੀਂ ਪਹੁੰਚਿਆ ਤੇ ਨਾ ਹੀ ਪਰਿਵਾਰਾਂ ਨੰੂ ਕੋਈ ਆਰਥਿਕ ਮਦਦ ਦਿੱਤੀ ਗਈ ਹੈ | ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਦੇ ਹੀ ਇਕ ਸੁਨਿਆਰੇ ਦੇ ਘਰ ਡੇਢ ਕਰੋੜ ਰੁਪਏ ਦੀ ਚੋਰੀ ਹੋਈ, ਜੋ ਕਿ ਹੁਣ ਤੱਕ ਟਰੇਸ ਨਹੀਂ ਹੋਈ ਹੈ | ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਗੁਰਦਾਸਪੁਰ ਸ਼ਹਿਰ ਦੇ ਹੀ ਇਕ ਸੁਨਿਆਰੇ ਦੇ ਘਰ ਕਰੀਬ 7 ਕਰੋੜ ਰੁਪਏ ਦੀ ਡਕੈਤੀ ਹੋਈ ਹੈ | ਇੰਨ੍ਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਗੁਰਦਾਸਪੁਰ ਹਲਕੇ ਦੇ ਇੰਚਾਰਜ ਵੀ ਹਨ, ਵਲੋਂ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਗਈ | ਜ਼ਿਕਰਯੋਗ ਹੈ ਕਿ ਇਸ ਤਿੱਖੀ ਬਹਿਸ ਤੋਂ ਬਾਅਦ ਸ਼ਾਮ ਨੰੂ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡਕੈਤੀ ਦਾ ਸ਼ਿਕਾਰ ਹੋਏ ਸੁਨਿਆਰੇ ਵਰੁਣ ਕੁਮਾਰ ਦੇ ਘਰ ਪਹੁੰਚੇ ਜਿਸ ਤੋਂ ਬਾਅਦ ਵਿਧਾਇਕ ਪਾਹੜਾ ਤੇ ਸਾਬਕਾ ਮੰਤਰੀ ਧਾਲੀਵਾਲ ਦੀ ਇਹ ਬਹਿਸ ਲੋਕਾਂ ਅੰਦਰ ਚਰਚਾ ਦਾ ਵਿਸ਼ਾ ਬਣਦੀ ਹੋਈ ਨਜ਼ਰ ਆਈ |