ਘਰੋਟਾ, 10 ਮਾਰਚ (ਸੰਜੀਵ ਗੁਪਤਾ)- ਘਰੋਟਾਦੀਨਾਨਗਰ ਰੋਡ 'ਤੇ ਪੈਂਦੇ ਭੀਮਪੁਰ ਸਕੂਲ ਦੇ ਨੇੜੇ ਗੁਜਰਾਤ ਡਰੇਨ ਕੋਲ ਬਣੇ ਤਿੱਖੇ ਮੋੜ 'ਤੇ ਲਗਾਤਾਰ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇਲਾਕਾ ਵਾਸੀਆਂ ਵਲੋਂ ਡਰੇਨ ਦੇ ਦੋਨੋਂ ਪਾਸਿਆਂ ਡੰਗੇ (ਸੁਰੱਖਿਆ ਰੇਲਿੰਗ) ਲਗਾਉਣ ਦੀ ਮੰਗ ਤੇਜ਼ ਹੋ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਰਾਣਾ ਰਾਜਿੰਦਰ ਸਿੰਘ ਨੇ ਕਿਹਾ ਕਿ ਘਰੋਟਾਦੀਨਾਨਗਰ ਰੋਡ 'ਤੇ ਭੀਮਪੁਰ ਤਿੱਖੇ ਮੋੜ 'ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਥਾਨ 'ਤੇ ਗੁਜਰਾਤ ਡਰੇਨ ਸੜਕ ਦੇ ਤਿੱਖੇ ਮੋੜ ਨਜ਼ਦੀਕ ਡੰਗੇ ਨਾ ਹੋਣ ਕਾਰਨ ਕਾਫ਼ੀ ਕੱਟਾਅ ਹੋਣ ਕਾਰਨ ਸੜਕ ਤੰਗ ਹੈ ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ | ਕਈ ਵਾਰ ਵਾਹਨ ਬੇਕਾਬੂ ਹੋ ਕੇ ਡਰੇਨ ਵੱਲ ਲੁੜਕਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ | ਰਾਣਾ ਰਾਜਿੰਦਰ ਸਿੰਘ, ਜੇ.ਈ. ਤਿਲਕ ਰਾਜ ਨੇ ਕਿਹਾ ਕਿ ਇਲਾਕਾ ਨਿਵਾਸੀ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਡਰੇਨ ਦੇ ਦੋਨੋਂ ਪਾਸਿਆਂ 'ਤੇ ਮਜ਼ਬੂਤ ਡੰਗੇ ਬਣਾਏ ਜਾਣ ਤਾਂ ਜੋ ਵਾਹਨਾਂ ਦੇ ਡਰੇਨ ਵਿਚ ਡਿੱਗਣ ਦੇ ਖ਼ਤਰੇ ਤੇ ਹੁੰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਭੀਮਪੁਰ ਸਕੂਲ ਨੇੜੇ ਹਰ ਰੋਜ਼ ਵੱਡੀ ਗਿਣਤੀ ਵਿਚ ਬੱਚੇ ਤੇ ਲੋਕ ਆਉਂਦੇਜਾਂਦੇ ਹਨ | ਇਸ ਲਈ ਇਸ ਸਥਾਨ 'ਤੇ ਸੁਰੱਖਿਆ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਗੁਜਰਾਤ ਡਰੇਨ ਦੇ ਦੋਨੋਂ ਪਾਸਿਆਂ 'ਤੇ ਡੰਗੇ ਲਗਾ ਕੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਰਾਹਤ ਦਿਵਾਈ ਜਾਵੇ ਤਾਂ ਜੋ ਭਵਿੱਖ ਵਿਚ ਹੋਣ ਵਾਲੇ ਸੰਭਾਵਿਤ ਹਾਦਸਿਆਂ ਨੂੰ ਰੋਕਿਆ ਜਾ ਸਕੇ |