ਫ਼ਤਹਿਗੜ੍ਹ ਚੂੜੀਆਂ, 10 ਮਾਰਚ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਹਲਕਾ ਕਾਦੀਆਂ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਫ਼ਤਹਿਗੜ੍ਹ ਚੂੜੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਸੰਖੇਪ ਲਫ਼ਜ਼ਾਂ ਵਿਚ ਹਲਕਾ ਫ਼ਤਹਿਗੜ੍ਹ ਚੂੜੀਆਂ ਨੇ ਜਾਣਕਾਰੀ ਦਿੱਤੀ | ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕ ਹਿੱਤਾਂ ਵਿਚ ਲਏ ਜਾ ਰਹੇ ਫ਼ੈਸਲੇ ਅਤੇ ਵਿਕਾਸ ਦੀਆਂ ਪੁੱਟੀਆਂ ਜਾ ਰਹੀਆਂ ਵੱਡੀਆਂ ਪੁਲਾਂਘਾਂ ਸਦਕਾ ਪੰਜਾਬ ਨੂੰ ਆਲੀਸ਼ਾਨ ਬਣਾਉਣ ਲਈ ਯਤਨਸ਼ੀਲ ਕਦਮਾਂ ਦੀ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਿੱਥੇ ਮੁਫ਼ਤ ਸਹੂਲਤਾਂ ਦੇ ਕੇ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਉੱਥੇ ਬੀਤੇ ਦਿਨ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ 1000 ਰੁਪਏ ਅਤੇ ਅੱੈਸ.ਸੀ. ਵਿੰਗ ਨੂੰ 1500 ਰੁਪਏ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਕੇ ਅÏਰਤ ਸਮਾਜ ਦਾ ਮਾਣ-ਸਨਮਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ਖ਼ਰ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਪਹਿਲੇ ਅਜਿਹੇ ਪੰਜਾਬ ਹਿਤੈਸ਼ੀ ਮੁੱਖ ਮੰਤਰੀ ਹਨ, ਜਿਨਾਂ ਨੂੰ ਆਪਣੀ ਲੀਡਰਸ਼ਿਪ ਦੀ ਇਮਾਨਦਾਰੀ 'ਤੇ ਵੱਡਾ ਭਰੋਸਾ ਹੈ, ਜਿਨਾਂ ਨੇ ਪੰਜਾਬ ਦੇ ਵੱਖ-ਵੱਖ ਹਲਕਿਆਂ ਲਈ ਕਰੋੜਾਂ ਰੁਪਏ ਦੀ ਰਾਸ਼ੀ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਆਧੁਨਿਕ ਤਰੀਕੇ ਨਾਲ ਸਿਰੇ ਚੜਾਉਣ ਲਈ ਧੜੱਲੇ ਨਾਲ ਕੰਮ ਕਾਜ ਸ਼ੁਰੂ ਕਰਵਾਏ ਹਨ | ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਨੂੰ ਸੰਵਾਰਨ ਲਈ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਫੰਡਾਂ ਨਾਲ ਵਿਕਾਸ ਕਾਰਜਾਂ ਦੇ ਵੱਡੇ ਪ੍ਰੋਜੈਕਟ ਆਰੰਭ ਕੀਤੇ ਜਾ ਰਹੇ ਹਨ, ਜਿਸ ਨਾਲ ਹਲਕਾ ਵਾਸੀਆਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਈ ਤਰ੍ਹਾਂ ਦੇ ਰਾਹਤ ਭਰੇ ਕਾਰਜਾਂ ਨਾਲ ਲੋਕਾਂ ਨੂੰ ਪੰਜਾਬ ਸਰਕਾਰ ਦੇ ਚੰਗੇ ਰਾਜਭਾਗ ਦਾ ਅਹਿਸਾਸ ਕਰਵਾਇਆ ਜਾਵੇਗਾ |