ਧਾਰੀਵਾਲ, 10 ਮਾਰਚ (ਸਵਰਨ ਸਿੰਘ)-ਸ਼ੋ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਧਾਰੀਵਾਲ ਤੋਂ ਇੰਜੀਨੀਅਰ ਜਤਿੰਦਰ ਪਾਲ ਸਿੰਘ ਉਰਫ ਜੇ.ਪੀ. ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ 2025-26 ਦਾ ਬਜਟ ਮਹਿਜ਼ ਇਕ ਖੋਖਲੇ ਵਾਅਦੇ ਹੀ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 6-7 ਮਹੀਨੇ ਸਰਕਾਰ ਦੇ ਰਹਿ ਗਏ ਹਨ, ਸਿਰਫ ਵੋਟਾਂ ਲੈਣ ਲਈ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ | 6000 ਪਿੰਡਾਂ ਵਿਚ ਗਰਾਉਂਡਾਂ ਬਣਾਉਣੇ, 5000 ਇਨਡੋਰ ਸਟੇਡੀਅਮ ਬਣਾਉਣੇ, ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਦੇਣਾ, 400 ਕਿਲੋਮੀਟਰ ਸੜਕਾਂ ਦੀ ਉਸਾਰੀ ਹੋਰ ਵੀ ਬਹੁਤ ਖੋਖਲੇ ਵਾਅਦੇ ਕੀਤੇ ਗਏ ਹਨ, ਜੋ ਕਿ ਸਿਰਫ ਮਹਿਜ ਗੱਲਾਂ ਦਾ ਪੁਲੰਦਾ ਹੀ ਹੈ | ਉਨ੍ਹਾਂ ਕਿਹਾ ਕਿ ਮਾਈਨਿੰਗ ਤੋਂ ਹਰ ਸਾਲ ਦੋ ਹਜ਼ਾਰ ਕਰੋੜ ਰੁਪਏ ਕਹਿ ਕੇ ਆਈ ਸਰਕਾਰ ਨੇ ਅੱਜ ਸਿਰਫ 500 ਕਰੋੜ ਰੁਪਏ ਦੀ ਪ੍ਰਾਪਤੀ ਦੱਸੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿੰਨੀਆਂ ਵੀ ਸਕੀਮਾਂ ਅੱਜ ਤੱਕ ਦਿੱਤੀਆਂ ਹਨ ਉਸ ਦਾ ਸਪੱਸ਼ਟੀਕਰਨ ਨਹੀਂ ਦੇ ਸਕੀ, ਭਾਵੇਂ ਉਹ 10 ਲੱਖ ਦਾ ਸਿਹਤ ਬੀਮਾ ਹੀ ਕਿਉਂ ਨਾ ਹੋਵੇ, ਉਸ ਵਿਚ ਵੀ ਲੋਕਾਂ ਨੂੰ ਸ਼ਸ਼ੋਪੰਜ 'ਚ ਪਾਇਆ ਗਿਆ ਹੈ ਕਿ ਕਿਸ-ਕਿਸ ਬਿਮਾਰੀ ਦਾ ਇਲਾਜ ਤੇ ਕਿੰਨੇ ਪੈਸਿਆਂ ਤੱਕ ਹੋਣਾ ਹੈ | ਇਸ ਲਈ ਇਸ ਬਜਟ ਦੀ ਵੀ ਹਕੀਕਤ ਲੋਕਾਂ ਦੇ ਸਾਹਮਣੇ ਜਲਦ ਆ ਜਾਣੀ ਹੈ, ਕਿਉਂਕਿ 2027 ਦੀਆਂ ਵਿਧਾਨ ਸਭਾ ਲਈ ਸਮਾਂ ਬਹੁਤ ਹੀ ਥੋੜਾ ਰਹਿ ਗਿਆ ਹੈ |