ਗੁਰਦਾਸਪੁਰ, 10 ਮਾਰਚ (ਪੰਕਜ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਗਏ ਹਨ | ਇਸੇ ਤਹਿਤ ਗੁਰਦਾਸਪੁਰ ਸ਼ਹਿਰ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਚੱਜੇ ਸਹਿਯੋਗ ਸਦਕਾ ਗੁਰਦਾਸਪੁਰ ਸ਼ਹਿਰ ਨੂੰ ਹਰ ਤਰਫੋਂ ਨਵੀਂ ਦਿੱਖ ਦੇਣ ਲਈ ਸਫਲ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਿੱਥੇ ਹੁਣ ਤੱਕ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਵਿਚ ਵੱਡੇ ਪੱਧਰ 'ਤੇ ਕਈ ਯੋਜਨਾਵਾਂ ਉਲੀਕ ਕੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਉਹ ਦਿਨ ਰਾਤ ਗੁਰਦਾਸਪੁਰ ਅੰਦਰ ਵਿਕਾਸ ਕੰਮ ਕਰਵਾਉਣ ਲਈ ਯਤਨਸ਼ੀਲ ਹਨ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਅੰਦਰ ਹਾਈਵੇ ਤੋਂ ਦੋਵੇਂ ਪਾਸੇ ਦੀ ਐਂਟਰੀ 'ਤੇ ਸ਼ਾਨਦਾਰ ਤੇ ਖੂਬਸੂਰਤ ਗੇਟ ਉਸਾਰਨ ਲਈ ਇਕ ਅਨੋਖੀ ਅਤੇ ਨਿਵਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਇਹ ਗੇਟ ਜਿੱਥੇ ਸ਼ਹਿਰ ਦੇ ਸੁਹੱਪਣ ਨੂੰ ਸ਼ਾਨਦਾਰ ਦਿੱਖ ਦੇਣਗੇ, ਉਥੇ ਨਾਲ ਹੀ ਆ ਰਹੇ ਲੋਕਾਂ ਨੂੰ ਜੀ ਆਇਆਂ ਕਹਿਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਟਰੀ ਗੇਟਾਂ ਨੂੰ ਬਣਾਉਣ ਲਈ ਸਾਰਾ ਕੰਮ ਉਲੀਕਿਆ ਜਾ ਚੁੱਕਾ ਹੈ | ਚੇਅਰਮੈਨ ਰਾਜੀਵ ਸ਼ਰਮੀ ਨੇ ਕਿਹਾ ਕਿ ਜਦੋਂ ਦੀ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦੀ ਸੇਵਾ ਮਿਲੀ ਹੈ, ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਅਤੇ ਨਗਰ ਸੁਧਾਰ ਟਰੱਸਟ ਰਾਹੀਂ ਸ਼ਾਨਦਾਰ ਪਹਿਲਕਦਮੀਆਂ ਕੀਤੀਆਂ ਗਈਆਂ ਹਨ |