ਬਟਾਲਾ, 10 ਮਾਰਚ (ਰਾਕੇਸ਼ ਰੇਖੀ)-ਮੈਰਿਜ ਪੈਲੇਸ ਤੋਂ ਵਾਪਸ ਘਰ ਪਰਤ ਰਹੇ ਹਲਵਾਈ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਨਵੀਂ ਆਬਾਦੀ ਬੈਂਕ ਕਾਲੋਨੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਸਮਸ਼ੇਰ ਸਿੰਘ ਸ਼ਹਿਰ ਦੇ ਇਕ ਪ੍ਰਸਿੱਧ ਹਲਵਾਈ ਦੇ ਨਾਲ ਕੰਮ ਕਰਦਾ ਸੀ | ਬੀਤੇ ਦਿਨ ਉਕਤ ਹਲਵਾਈ ਦੇ ਬੇਟੇ ਦੇ ਵਿਆਹ ਦਾ ਪ੍ਰੋਗਰਾਮ ਬਟਾਲਾ-ਜਲੰਧਰ ਰੋਡ 'ਤੇ ਅੱਚਲ ਸਾਹਿਬ ਨੇੜੇ ਇਕ ਮੈਰਿਜ ਪੈਲੇਸ ਵਿਚ ਸੀ | ਉਸ ਦਾ ਪਿਤਾ ਸਮਸ਼ੇਰ ਸਿੰਘ ਵੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ | ਸ਼ਾਮ ਕਰੀਬ 5 ਵਜੇ ਸਮਸ਼ੇਰ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਘਰ ਜਾਣ ਲਈ ਪੈਲੇਸ ਵਿਚੋਂ ਨਿਕਲਿਆ ਸੀ, ਜਦੋਂ ਉਹ ਬਟਾਲਾ ਵੱਲ ਮੁੜਿਆ ਤਾਂ ਬਟਾਲਾ ਵਲੋਂ ਆਈ ਇਕ ਸਵਿਫ਼ਟ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਕਰਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਹਾਦਸੇ ਤੋਂ ਬਾਅਦ ਕਾਰ ਚਾਲਕ ਫ਼ਰਾਰ ਹੋ ਗਿਆ | ਗੰਭੀਰ ਜ਼ਖ਼ਮੀ ਹੋਏ ਸਮਸ਼ੇਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਉਸ ਦੀ ਨਾਜ਼ੁਕ ਹਾਲਤ ਦੇਖ ਕੇ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਭੇਜ ਦਿੱਤਾ, ਪਰ ਅੰਮਿ੍ਤਸਰ ਲਿਜਾਂਦਿਆਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਨਾਮਾਲੂਮ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |