ਭੈਣੀ ਮੀਆਂ ਖਾਂ, 27 ਮਾਰਚ (ਜਸਬੀਰ ਸਿੰਘ ਬਾਜਵਾ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪੰਜਾਬ ਦੇ ਵਪਾਰਕ ਹਿੱਤਾਂ ਦੀ ਰਾਖੀ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖਾਂ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਗੁਰਦਾਸਪੁਰ ਦੇ ਟਰੇਡ ਸੈੱਲ ਦੇ ਪ੍ਰਧਾਨ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਜਤਿੰਦਰਬੀਰ ਸਿੰਘ ਪੰਨੂੰ ਨੇ ਕੀਤੀ | ਉਨ੍ਹਾਂ ਕਿਹਾ ਕਿ 28 ਮਾਰਚ ਨੂੰ ਵਾਹਗਾ ਸਰਹੱਦ 'ਤੇ ਪੰਜਾਬ ਦੀ ਆਵਾਜ਼ ਗੂੰਜੇਗੀ | ਇਸ ਮੌਕੇ ਜਤਿੰਦਰਬੀਰ ਸਿੰਘ ਪੰਨੂੰ ਨੇ ਐਲਾਨ ਕੀਤਾ ਕਿ ਪੰਜਾਬ ਭਾਰਤ-ਪਾਕਿਸਤਾਨ ਮਿਡਲ ਈਸਟ ਦਰਮਿਆਨ ਜ਼ਮੀਨੀ ਰਸਤੇ ਵਪਾਰ ਮੁੜ ਸ਼ੁਰੂ ਕਰਵਾਉਣ ਲਈ 28 ਮਾਰਚ ਨੂੰ ਵਾਹਗਾ ਸਰਹੱਦ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਜਨਤਕ ਇਕੱਠ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਪਾਰਕ ਰਾਹ ਖੋਲ੍ਹਣ ਦੀ ਲੋੜ ਅਤੇ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣਾ ਮਾਲ ਦੂਰ-ਦੁਰਾਡੇ ਦੀਆਂ ਬੰਦਰਗਾਹਾਂ ਰਾਹੀਂ ਭੇਜਣਾ ਮਹਿੰਗਾ ਪੈਂਦਾ ਹੈ, ਜੇਕਰ ਵਾਹਗਾ ਰਾਹੀਂ ਸਿੱਧਾ ਵਪਾਰ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੀ ਆਰਥਿਕਤਾ ਮੁੜ ਪੈਰਾਂ ਸਿਰ ਹੋ ਸਕਦੀ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਿਆਸੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਹਿੱਤ ਵਿਚ ਇਹ ਸਰਹੱਦ ਤੁਰੰਤ ਖੋਲ੍ਹੀ ਜਾਵੇ | ਉਨ੍ਹਾਂ ਕਿਹਾ ਕਿ 28 ਮਾਰਚ ਦਾ ਇਕੱਠ ਇਸ ਮੰਗ ਨੂੰ ਲੈ ਕੇ ਇਕ ਲੋਕ ਲਹਿਰ ਵਿਚ ਬਦਲ ਦੇਵੇਗਾ | ਇਸ ਮੌਕੇ ਯੂਥ ਆਗੂ ਸੰਦੀਪ ਸਿੰਘ, ਸਤਵਿੰਦਰ ਸਿੰਘ ਫ਼ੌਜੀ, ਲਖਵਿੰਦਰ ਸਿੰਘ ਸੈਣੀ, ਗੁਰਚਰਨ ਸਿੰਘ ਸੈਣੀ, ਲਵਪ੍ਰੀਤ ਸਿੰਘ ਮੇਹੜੇ, ਵਿਸ਼ਵਜੀਤ ਸਿੰਘ ਪੰਨੂੰ, ਡਾ. ਵਰਿੰਦਰਪਾਲ ਸਿੰਘ ਪੰਨੂੰ, ਲਖਵਿੰਦਰ ਸਿੰਘ ਬਾਜਵਾ, ਬਿਕਰਮ ਸਿੰਘ, ਤਰਸੇਮ ਸਿੰਘ, ਅਸ਼ੋਕ ਕੁਮਾਰ, ਰਾਜਨ ਮਸੀਹ, ਬੰਗਾ ਮਸੀਹ, ਸਲੀਮ ਆਦਿ ਹਾਜ਼ਰ ਸਨ |