ਬਟਾਲਾ, 28 ਮਾਰਚ (ਸਤਿੰਦਰ ਸਿੰਘ)- ਸੇਵਾ-ਮੁਕਤ ਹੋਣਾ ਇਕ ਅਜਿਹਾ ਮੌਕਾ ਹੁੰਦਾ ਹੈ ਜਿਸ ਵਿਚ ਖੁਸ਼ੀ ਤੇ ਗਮੀ ਦੇ ਭਾਵ ਦੋਵੇਂ ਇਕੱਠਿਆਂ ਆਉਂਦੇ ਹਨ | ਇਹੋ ਜਿਹੇ ਪਲਾਂ ਨੂੰ ਮਾਣਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਦੇ ਮਜ਼ਬੂਤ ਥੰਮ੍ਹ, ਹੋਣਹਾਰ ਤੇ ਮਿਹਨਤੀ ਅਧਿਆਪਕ ਪੀ.ਐਸ. ਚਾਹਲ ਨੂੰ ਅੱਜ ਸਕੂਲ ਵਲੋਂ ਪੂਰੇ ਮਾਣ-ਸਤਿਕਾਰ ਤੇ ਭਾਵਪੂਰਵਕਤਾ ਨਾਲ ਵਿਦਾਇਗੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਐਸ.ਬੀ. ਨਾਯਰ ਦੀ ਰਹਿਨੁਮਾਈ ਹੇਠ ਸਵੇਰ ਦੀ ਸਭਾ ਦੌਰਾਨ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਕੂਲ ਪਹੁੰਚਣ 'ਤੇ ਸਮੁੱਚੇ ਸਕੂਲ ਅਧਿਆਪਕਾਂ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਟੇਜ ਤੱਕ ਲਿਜਾਇਆ ਗਿਆ | ਮੈਡਮ ਰਾਜਵਿੰਦਰ ਕੌਰ ਦੁਆਰਾ ਸਟੇਜੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ | ਅੰਗਰੇਜ਼ੀ ਵਿਭਾਗ ਦੇ ਅਧਿਆਪਕ ਮੋਨਿਕਾ ਸੈਣੀ ਤੇ ਵਿਭਾਗ ਮੁਖੀ ਅਮਿਤ ਸਿੰਘ ਨੇ ਸ: ਚਾਹਲ ਨਾਲ ਬਿਤਾਏ ਹੋਏ ਪਲਾਂ ਨੂੰ ਸਾਂਝਾ ਕੀਤਾ ਗਿਆ | ਪਿ੍ੰਸੀਪਲ ਸ੍ਰੀ ਨਾਯਰ ਦੁਆਰਾ ਵੀ ਅਧਿਆਪਕ ਪੀ.ਐਸ. ਚਾਹਲ ਦੇ 2005 ਤੋਂ ਲੈ ਕੇ 2026 ਤੱਕ ਦੇ ਸੇਵਾ ਕਾਲ ਦੀ ਬਾਖ਼ੂਬੀ ਤਾਰੀਫ਼ ਕੀਤੀ ਗਈ | ਅਧਿਆਪਕ ਪੀ.ਐਸ. ਚਾਹਲ ਨੇ ਵੀ ਸਕੂਲ ਸੰਸਥਾਪਕ ਸ: ਹਰਪਾਲ ਸਿੰਘ ਦੇ ਅਹਿਸਾਨਾਂ ਨੂੰ ਯਾਦ ਕਰਦਿਆਂ ਦਿਲੋਂ ਸਤਿਕਾਰ ਦਿੱਤਾ ਗਿਆ ਤੇ ਹਮੇਸ਼ਾ ਬੱਚਿਆਂ ਨੂੰ ਮਿਹਨਤ ਕਰ ਕੇ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਕਿਹਾ | ਸਮਾਗਮ ਦੇ ਅਖੀਰਲੇ ਪਲਾਂ ਵਿਚ ਪਿ੍ੰਸੀਪਲ, ਪ੍ਰਬੰਧਕ ਕਮੇਟੀ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸ: ਚਾਹਲ ਦਾ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਨਵੀਂ ਰੌਸ਼ਨੀ ਭਰਨ ਤੇ ਉਨ੍ਹਾਂ ਵਲੋਂ ਪੜ੍ਹਾਏ ਹੋਏ ਵਿਦਿਆਰਥੀਆਂ ਦਾ ਉੱਚੇ ਮੁਕਾਮਾਂ ਤੱਕ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਸਕੂਲ ਤੇ ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਵਿਸ਼ਾਲ ਸਿੰਘ, ਟੇਨ ਸਿੰਘ, ਅਮਨਪ੍ਰੀਤ ਕੌਰ, ਅਮਿਤ ਸਿੰਘ, ਜਸਵਿੰਦਰ ਕੌਰ ਸਮੇਤ ਸਮੁੱਚੇ ਸਟਾਫ਼ ਮੈਂਬਰ ਹਾਜ਼ਰ ਸਨ |