ਕੋਟਲੀ ਸੂਰਤ ਮੱਲ੍ਹੀ, 3 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਅੱਜ ਇਲਾਕੇ 'ਚ ਪਈ ਬਰਸਾਤ ਤੇ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ਤੇ ਹੁਣ ਜਦੋਂ ਕਣਕ ਤੇ ਸਰੋ੍ਹ ਦੀ ਫ਼ਸਲ ਨੂੰ ਸਾਂਭਣ ਦਾ ਸਮਾਂ ਆਇਆ ਹੈ ਤਾਂ ਮੌਸੋਮ ਖ਼ਰਾਬ ਹੋਣ ਕਰ ਕੇ ਕਿਸਾਨ ਬਹੁਤ ਚਿੰਤਤ ਹਨ | ਕਿਸਾਨ ਆਗੂ ਕੁਲਵਿੰਦਰਜੀਤ ਸਿੰਘ ਅਠਵਾਲ, ਸਰਪੰਚ ਦਲਜੀਤ ਸਿੰਘ ਦੇਹੜ, ਕਿਸਾਨ ਸੁਰਜੀਤ ਸਿੰਘ ਮਾਹਲ, ਕਿਸਾਨ ਬਲਬੀਰ ਸਿੰਘ ਸਮੇਤ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਹੁਣ ਜਦੋਂ ਕਣਕ ਦੀ ਫ਼ਸਲ ਪੱਕਣ 'ਤੇ ਆਈ ਹੈ ਤਾਂ ਮੌਸਮ ਖ਼ਰਾਬ ਰਹਿਣ ਕਰ ਕੇ ਕਿਸਾਨਾਂ ਬਹੁਤ ਪ੍ਰੇਸ਼ਾਨ ਹਨ | ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖ਼ਰਾਬ ਹੋਏ ਮੌਸਮ ਤੇ ਤੇਜ਼ ਹਨੇਰੀ-ਝੱਖੜ ਕਰ ਕੇ ਜ਼ਿਆਦਾਤਰ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਤੇ ਹੁਣ ਮੀਂਹ ਪੈਣ ਕਰ ਕੇ ਕਿਸਾਨ ਕਣਕ ਦਾ ਝਾੜ ਘੱਟਣ ਤੇ ਕਣਕ ਦੀ ਸਾਂਭ-ਸੰਭਾਲ ਕਰਨ 'ਚ ਲਾਗਤ ਵਧਣ ਦਾ ਡਰ ਸਤਾ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਨੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਕੇ ਰੱਖ ਦਿੱਤਾ ਹੈ ਜਿਥੇ ਕਣਕ ਦੀ ਸਾਂਭ-ਸੰਭਾਲ ਕਰਨ ਸਮੇਂ ਭਾਰੀ ਦਿੱਕਤਾਂ ਪੇਸ਼ ਆਉਣਗੀਆਂ ਉਥੇ ਕਣਕ ਦਾ ਝਾੜ ਘੱਟ ਜਾਣ ਦਾ ਡਰ ਹੈ | ਪਿੰਡ ਨਿੱਜਰਪੁਰ ਦੇ ਸਰਪੰਚ ਰਣਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ 'ਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਪਹਿਲਾਂ ਹੀ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਬਰਸਾਤ ਦਾ ਪਾਣੀ ਖੜਾ ਰਹਿਣ ਕਰ ਕੇ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਸੀ ਤੇ ਹੁਣ ਫਿਰ ਬਰਸਾਤ ਹੋਣ ਕਰ ਕੇ ਉਨ੍ਹਾਂ ਵਲੋਂ ਬੀਜੀ ਗਈ ਜਵਾਰ ਦੀ ਫ਼ਸਲ ਖਰਾਬ ਹੋ ਜਾਣੀ ਹੈ, ਜਿਸ ਕਰ ਕੇ ਉਹ ਬਹੁਤ ਪ੍ਰੇਸ਼ਾਨ ਹਨ |