ਉਤਕ੍ਰਿਸ਼ਟ ਕਾਲਜ ਵਿਖੇ ਐਸ.ਆਈ.ਆਰ.-2026 ਸੰਬੰਧੀ ਜਾਗਰੂਕਤਾ ਸੈਮੀਨਾਰ
ਪਠਾਨਕੋਟ, 4 ਸਤੰਬਰ (ਸੰਧੂ)-ਐਸ. ਆਈ.
ਪਠਾਨਕੋਟ, 4 ਸਤੰਬਰ (ਸੰਧੂ)-ਐਸ.ਆਈ.ਆਰ.-2026 ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ-ਕਮ-ਜ਼ਿਲ੍ਹਾ ਭੂਮੀ ਰੱਖਿਆ ਅਧਿਕਾਰੀ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਉਤਕ੍ਰਿਸ਼ਟ ਕਾਲਜ ਪਠਾਨਕੋਟ ਵਿਖੇ ਜ਼ਿਲ੍ਹਾ ਸਵੀਪ ਟੀਮ ਵਲੋਂ ਐਸ.ਆਈ.ਆਰ. ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਪੂਜਾ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਸੈਮੀਨਾਰ ਦੌਰਾਨ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਹਰਸਿਮਰਨਜੀਤ ਸਿੰਘ, ਵਿਵੇਕ ਡੋਗਰਾ ਤੇ ਅਮਿਤ ਡੋਗਰਾ ਨੇ ਸਾਂਝੇ ਤੌਰ ’ਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਐਸ.ਆਈ.ਆਰ.-2026 ਦੇ ਉਦੇਸ਼ਾਂ, ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ, ਮੌਜੂਦਾ ਵੇਰਵਿਆਂ ਦੀ ਜਾਂਚ, ਸੋਧ, ਪਤਾ ਬਦਲਣ ਤੇ ਵੋਟਰ ਸੂਚੀ ਨਾਲ ਸਬੰਧਿਤ ਹੋਰ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਐਸ.ਆਈ.ਆਰ.-2026 ਮੁਹਿੰਮ ਦੌਰਾਨ ਬੀ . ਐਲ.ਓਜ਼ ਵਲੋਂ ਵੋਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਤੇ ਤਸਦੀਕ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਐਲ.ਓਜ਼ ਘਰ-ਘਰ ਜਾ ਕੇ ਐਨਿਊਮਰੇਸ਼ਨ ਫਾਰਮਾਂ ਦੀ ਵੰਡ, ਪ੍ਰਾਪਤੀ ਤੇ ਤਸਦੀਕ ਦੀ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਲਈ ਐਸ.ਆਈ.ਆਰ.-2026 ਦੀ ਪ੍ਰਕਿਰਿਆ ਤਹਿਤ ਹੁਣ ਦਾਅਵਿਆਂ, ਇਤਰਾਜ਼ਾਂ, ਨੋਟਿਸਾਂ ਅਤੇ ਤਸਦੀਕ ਨਾਲ ਸਬੰਧਤ ਕਾਰਵਾਈ ਚੱਲ ਰਹੀ ਹੈ। ਇਸ ਲਈ ਜਿਨ੍ਹਾਂ ਵੋਟਰਾਂ ਦੇ ਵੇਰਵਿਆਂ ਸਬੰਧੀ ਕਿਸੇ ਕਿਸਮ ਦੀ ਕਮੀ, ਗਲਤੀ ਜਾਂ ਤਬਦੀਲੀ ਹੈ, ਉਹ ਆਪਣੇ ਸਬੰਧਤ ਬੀ.ਐਲ.ਓ., ਚੋਣ ਰਜਿਸਟ੍ਰੇਸ਼ਨ ਅਫ਼ਸਰ ਜਾਂ ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰ ਨਾਲ ਸੰਪਰਕ ਕਰਕੇ ਲੋੜੀਂਦੀ ਕਾਰਵਾਈ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਪੋਰਟਲ ’ਤੇ ਵੀ ਐਸ.ਆਈ.ਆਰ.-2026 ਨਾਲ ਸਬੰਧਿਤ ਸੇਵਾਵਾਂ ਉਪਲੱਬਧ ਹਨ । ਇਸ ਮੌਕੇ ਐਸ.ਆਈ.ਆਰ. ਸਬੰਧੀ ਜਾਗਰੂਕਤਾ ਪੰਫਲਿਟ ਵੀ ਵੰਡੇ ਗਏ । ਇਸ ਮੌਕੇ ਪ੍ਰਿੰਸੀਪਲ ਡਾ: ਪੂਜਾ ਮਹਾਜਨ, ਗੀਤਾ, ਪ੍ਰਗਤੀ, ਮਮਤਾ ਅਤੇ ਸੰਯੋਗਿਤਾ ਆਦਿ ਹਾਜ਼ਰ ਸਨ ।