ਕਾਹਨੂੰਵਾਨ, 5 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਦੀ ਇਕ ਮੀਟਿੰਗ ਜ਼ੋਨ ਪ੍ਰਧਾਨ ਰਣਜੀਤ ਸਿੰਘ ਕੋਟ ਧੰਦਲ ਦੀ ਅਗਵਾਈ ਵਿਚ ਹੋਈ | ਮੀਟਿੰਗ ਸਬੰਧੀ ਕਿਸਾਨ ਆਗੂ ਰਣਜੀਤ ਸਿੰਘ ਧੰਦਲ ਨੇ ਦੱਸਿਆ ਕਿ ਬੀਤੀ ਦਿਨੀਂ ਕਿਸਾਨ ਆਗੂਆਂ ਦਾ ਇਕ ਵਫ਼ਦ ਖੰਡ ਮਿਲ ਬੁੱਟਰ ਸਿਵੀਆਂ ਦੇ ਪ੍ਰਬੰਧਕਾਂ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਗੰਨੇ ਦਾ ਭੁਗਤਾਨ ਜਲਦ ਤੋਂ ਜਲਦ ਕੀਤਾ ਜਾਵੇ, ਜਿਸ ਤੋਂ ਖੰਡ ਮਿੱਲ ਪ੍ਰਬੰਧਕਾਂ ਨੇ ਕਿਸਾਨਾਂ ਦੇ ਵਫ਼ਦ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੇ ਗੰਨੇ ਦਾ ਭੁਗਤਾਨ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਕਰ ਦਿੱਤਾ ਜਾਵੇਗਾ | ਕਿਸਾਨ ਆਗੂਆਂ ਨੇ ਖੰਡ ਮਿੱਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਿੱਲ ਪ੍ਰਬੰਧਕਾਂ ਵਲੋਂ ਗੰਨੇ ਦਾ ਭੁਗਤਾਨ 10 ਅਪ੍ਰੈਲ ਤੱਕ ਨਾ ਕੀਤਾ ਤਾਂ ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖੰਡ ਮਿੱਲਾਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਮੀਟਿੰਗ ਨੂੰ ਗੁਰਮੁੱਖ ਸਿੰਘ ਖਾਨ ਮਲੱਕ, ਲਖਵਿੰਦਰ ਸਿੰਘ ਕਾਲਾ ਬਾਲਾ, ਜਸਵੰਤ ਸਿੰਘ ਨੈਨੇਕੋਟ, ਹਰਜੀਤ ਸਿੰਘ ਕੋਟ ਬੁੱਢਾ, ਬਲਜਿੰਦਰ ਸਿੰਘ ਕੋਟ ਟੋਡਰ ਮੱਲ, ਪਰਮਜੀਤ ਸਿੰਘ ਨਿਮਾਣੇ, ਭਗਵੰਤ ਸਿੰਘ ਵੜੈਚ, ਕਾਬਲ ਸਿੰਘ ਧੰਦਲ, ਸਲਵਿੰਦਰ ਸਿੰਘ ਜੋਗੀ ਚੀਮਾ ਆਦਿ ਹਾਜ਼ਰ ਸਨ |