ਫ਼ਤਹਿਗੜ੍ਹ ਚੂੜੀਆਂ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਈਸਟਰ ਦੇ ਸ਼ੁਭ ਦਿਹਾੜੇ ਮੌਕੇ ਹਲਕਾ ਫ਼ਤਹਿਗੜ੍ਹ ਚੂੜੀਆਂ ਅਤੇ ਵੱਖ-ਵੱਖ ਥਾਵਾਂ 'ਤੇ ਚਰਚਾਂ ਵਿਚ ਜਾ ਕੇ ਇਸ ਸ਼ੁਭ ਦਿਹਾੜੇ ਦੀ ਪੰਜਾਬ ਸਰਕਾਰ ਵਲੋਂ ਸਮੁੱਚੇ ਇਸਾਈ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਹਲਕਾ ਇੰਚਾਰਜ ਪੰਨੂੰ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਮਨੁੱਖਤਾ ਦੇ ਭਲੇ ਲਈ ਕੁਰਬਾਨ ਹੋਏ, ਜਿਸ ਕਰ ਕੇ ਸਾਨੂੰ ਪ੍ਰਭੂ ਯਿਸੂ ਮਸੀਹ ਵਲੋਂ ਦਰਸਾਏ ਗਏ ਮਾਰਗ ਉੱਪਰ ਚੱਲਣ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਇਸਾਈ ਭਾਈਚਾਰੇ ਨਾਲ ਮਨੁੱਖਤਾ ਦੇ ਭਲੇ ਲਈ ਕੀਤੀ ਗਈ ਅਰਦਾਸ ਅਤੇ ਭਜਨ ਬੰਦਗੀ ਵਿਚ ਹਾਜ਼ਰੀ ਲਵਾਈ, ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਪੈਗੰਬਰਾਂ ਦੇ ਪਵਿੱਤਰ ਦਿਹਾੜੇ ਇਕਜੁੱਟਤਾ ਨਾਲ ਸ਼ਰਧਾ ਪੂਰਵਕ ਮਨਾਉਣੇ ਚਾਹੀਦੇ ਹਨ | ਇਸ ਮੌਕੇ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਬੀਤੇ ਸਮੇਂ ਅੰਦਰ ਵੱਖ-ਵੱਖ ਸਰਕਾਰਾਂ ਨੇ ਇਸਾਈ ਭਾਈਚਾਰੇ ਨੂੰ ਮਾਣ-ਸਨਮਾਨ ਪੱਖੋਂ ਪਿੱਛੇ ਰੱਖਿਆ ਹੈ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸਾਈ ਭਾਈਚਾਰੇ ਸਮੇਤ ਸਮੁੱਚੇ ਵਰਗਾਂ ਦੇ ਲੋਕਾਂ ਨੂੰ ਵੱਡਾ ਮਾਣ-ਸਨਮਾਨ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਸ਼ਹਿਰ ਫ਼ਤਹਿਗੜ੍ਹ ਚੂੜੀਆਂ ਵਿਚ ਪ੍ਰਵੇਸ਼ ਮਾਰਗ ਉੱਪਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂਅ ਉੱਪਰ ਇਕ ਆਲੀਸ਼ਾਨ ਯਾਦਗਾਰੀ ਗੇਟ ਬਣਾਇਆ ਜਾਵੇਗਾ | ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪ੍ਰਭੂ ਯਿਸੂ ਮਸੀਹ ਦੀ ਯਾਦ ਨੂੰ ਸਮਰਪਿਤ ਗੇਟ ਉਸਾਰਨ ਦੇ ਕੀਤੇ ਗਏ ਵਾਅਦੇ ਲਈ ਧੰਨਵਾਦ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਪੀ.ਏ. ਕਰਮਜੀਤ ਸਿੰਘ ਬਰਾੜ ਆਦਿ ਸਮੇਤ ਸਮੂਹ ਇਸਾਈ ਭਾਈਚਾਰੇ ਦੇ ਧਾਰਮਿਕ ਆਗੂ ਤੇ ਸੰਗਤਾਂ ਹਾਜ਼ਰ ਸਨ |