ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨਵਾਂ ਸ਼ਾਲਾ ਵਿਖੇ ਲੁੱਟ ਦੀ ਨੀਅਤ ਨਾਲ ਘਰ ਵਿਚ ਰੇਕੀ ਕਰਨ ਆਏ ਨੌਜਵਾਨ ਦੀ ਫੁਟੇਜ ਸੀ.ਸੀ.ਟੀ.ਵੀ.ਕੈਮਰੇ 'ਚ ਕੈਦ ਹੋ ਗਈ | ਜਿਸ ਤੋਂ ਬਾਅਦ ਪਰਿਵਾਰ ਨੇ ਇਹ ਮਾਮਲਾ ਸ਼ਾਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਬਲਕਾਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਨਵਾਂ ਸ਼ਾਲਾ ਨੇ ਪੁਰਾਣਾ ਸ਼ਾਲਾ ਪੁਲਿਸ ਨੰੂ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਇਸ ਪ੍ਰਤੀਨਿਧ ਨੰੂ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਇਕ ਨੌਜਵਾਨ ਗਲੀ ਵਿਚ ਫਿਰ ਰਿਹਾ ਸੀ, ਜੋ ਉਨ੍ਹਾਂ ਦੇ ਘਰ ਦੇ ਗੇਟ ਦੇ ਬਾਹਰ ਖੜ੍ਹਾ ਹੋ ਕੇ ਕੰਧ ਟੱਪਣ ਦੀ ਕੋਸ਼ਿਸ਼ ਕਰਨ ਦੇ ਨਾਲ ਲਾਲ ਗੇਟ ਅੰਦਰ ਝਾਤੀ ਮਾਰ ਰਿਹਾ ਸੀ | ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰੇ 'ਚ ਫੋਟੋ ਦੇਖੀ ਤਾਂ ਉਨ੍ਹਾਂ ਉਸ ਨੰੂ ਦਬਕਾ ਮਾਰਿਆ | ਜਿਸ ਦੇ ਬਾਅਦ ਉਕਤ ਨੌਜਵਾਨ ਭੱਜਣ ਵਿਚ ਸਫਲ ਹੋ ਗਿਆ | ਸੀ.ਸੀ.ਟੀ.ਵੀ ਕੈਮਰੇ 'ਚ ਸਾਹਮਣੇ ਆਈ ਤਸਵੀਰ ਦੇ ਆਧਾਰ 'ਤੇ ਨੌਜਵਾਨ ਦੀ ਪਹਿਚਾਣ ਮਨੀ ਪੁੱਤਰ ਰਾਜੂ ਵਾਸੀ ਨੌਸ਼ਹਿਰਾ ਬਹਾਦਰ ਵਜੋਂ ਹੋਈ ਹੈ | ਪੁਲਿਸ ਨੇ ਤੁਰੰਤ ਦਰਖ਼ਾਸਤ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸ਼ਾਲਾ ਪੁਲਿਸ ਨੰੂ ਹਦਾਇਤਾਂ ਜਾਰੀ ਕਰਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਥੇ ਜ਼ਿਕਰਯੋਗ ਹੈ ਕਿ ਸੂਬੇਦਾਰ ਬਲਕਾਰ ਸਿੰਘ ਦਾ ਇਕ ਲੜਕਾ ਵਿਦੇਸ਼ 'ਚ ਹੈ ਅਤੇ ਦੂਜਾ ਚੰਗੀ ਨੌਕਰੀ ਕਰਦਾ ਹੈ | ਛੋਟਾ ਜਿਹਾ ਪਰਿਵਾਰ ਹੋਣ ਕਰਕੇ ਲੁਟੇਰਿਆਂ ਨੇ ਇਨ੍ਹਾਂ ਦੇ ਘਰ 'ਤੇ ਅੱਖ ਲਗਾਈ ਹੋਈ ਹੈ |