ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)-ਭਾਰਤੀ ਰੇਲਵੇ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੁਰਦਾਸਪੁਰ ਮੁਕੇਰੀਆਂ ਨੰੂ ਰੇਲਵੇ ਲਾਈਨ ਨਾਲ ਜੋੜਨ ਲਈ 6 ਮਹੀਨੇ ਪਹਿਲਾਂ ਬਿਆਨ ਦਿੱਤੇ ਸਨ | ਪਰ ਅਜੇ ਤੱਕ ਰੇਲਵੇ ਲਾਈਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਜਿਸ ਕਾਰਨ ਲੋਕਾਂ 'ਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ | ਇਸ ਸਬੰਧੀ ਸੂਬੇਦਾਰ ਮੇਜਰ ਬਸੰਤ ਸਿੰਘ ਢਿੱਲੋਂ, ਸੂਬੇ: ਦਿਲਬਾਗ ਸਿੰਘ, ਸੂਬੇ: ਕਰਨ ਸਿੰਘ, ਪੇਟੀ ਅਫ਼ਸਰ ਕਰਨਜੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਤਿੱਬੜੀ ਛਾਉਣੀ 1976 'ਚ ਹੋਂਦ ਵਿਚ ਆਈ ਸੀ ਅਤੇ ਇਲਾਕੇ ਦੇ ਸਾਬਕਾ ਫ਼ੌਜੀ ਤੇ ਆਰਮੀ ਅਧਿਕਾਰੀ ਗੁਰਦਾਸਪੁਰ ਤੋਂ ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਗੁਹਾਰ ਲਗਾ ਰਹੇ ਸਨ | ਜਿਸ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਜਜਬਾਤਾਂ 'ਤੇ ਅਮਲ ਕਰਦਿਆਂ ਰੇਲਵੇ ਮੰਤਰਾਲੇ ਦੇ ਮੰਤਰੀ ਨੰੂ ਇਸ ਕਾਰਜ ਨੰੂ ਸ਼ੁਰੂ ਦੇ ਹੁਕਮ ਜਾਰੀ ਕੀਤੇ ਸਨ ਅਤੇ ਲੋਕ ਵੀ ਇਸ ਕਾਰਜ ਨੰੂ ਲੈ ਕੇ ਖੁਸ਼ੀ ਮਹਿਸੂਸ ਕਰ ਰਹੇ ਸਨ | ਪਰ ਹੁਣ 6 ਮਹੀਨੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਰੇਲਵੇ ਵਿਭਾਗ ਵਲੋਂ ਨਾ ਤਾਂ ਗੁਰਦਾਸਪੁਰ ਮੁਕੇਰੀਆਂ ਲਾਈਨ ਦਾ ਸਰਵੇ ਕਰਵਾਇਆ ਅਤੇ ਨਾ ਹੀ ਕੰਮ ਆਰੰਭ ਕੀਤਾ | ਉਪਰੋਕਤ ਆਗੂਆਂ ਨੇ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਨੰੂ ਜੋੜਨ ਲਈ ਰੇਲਵੇ ਦੇ ਉੱਚ ਅਧਿਕਾਰੀਆਂ ਨੰੂ ਹਦਾਇਤਾਂ ਕਰਕੇ ਕੰਮ ਸ਼ੁਰੂ ਕਰਵਾਇਆ ਜਾਵੇ, ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਪ੍ਰਵਾਨ ਹੋ ਸਕੇ |