ਗੁਰਦਾਸਪੁਰ, 5 ਅਪ੍ਰੈਲ (ਚੱਕਰਾਜਾ)- ਹੋਟਲ ਮੈਨੇਜਮੈਂਟ ਇੰਸਟੀਚਿਊਟ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਏ.ਡੀ.ਸੀ. ਗੁਰਸਿਮਰਨ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਵਿਨੇ ਚਤੁਰਵੇਦੀ ਰਾਇਲ ਆਰਚਿਡ ਹੋਟਲ ਅੰਮਿ੍ਤਸਰ ਤੇ ਅਤੁਲ ਵਰਮਾ ਆਪ੍ਰੇਸ਼ਨ ਮੈਨੇਜਰ ਪਾਰਕ ਹੋਟਲ ਪਠਾਨਕੋਟ ਤੋਂ ਇਲਾਵਾ ਜੈਪ੍ਰਕਾਸ਼ ਭੱਟ ਡਾਇਰੈਕਟਰ ਕਲੀਨਰੀ ਆਰਚਿਡ ਹੋਟਲ ਅੰਮਿ੍ਤਸਰ, ਸਾਬਕਾ ਪਿ੍ੰਸੀਪਲ ਸੀ.ਐਮ. ਭਾਨ ਵੀ ਸ਼ਾਮਿਲ ਹੋਏ | ਪ੍ਰੋਗਰਾਮ ਦਾ ਉਦਘਾਟਨ ਮਹਿਮਾਨਾਂ ਵਲੋਂ ਦੀਪ ਜਗਾ ਕੇ ਕੀਤਾ | ਪਿ੍ੰਸੀਪਲ ਅਸ਼ਵਨੀ ਕਾਚਰੂ ਨੇ ਸੰਸਥਾ ਦੀਆਂ ਪ੍ਰਾਪਤੀਆਂ ਤੇ ਵਿਦਿਆਰਥੀਆਂ ਦੀਆਂ ਸਹਿ-ਪਾਠਕ੍ਰਮ ਗਤੀਵਿਧੀਆਂ ਤੇ ਹੋਰ ਕੰਮਾਂ ਦਾ ਜ਼ਿਕਰ ਕੀਤਾ | ਪਿ੍ੰਸੀਪਲ ਇੰਚਾਰਜ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਜੀ.ਐਚ.ਆਰ.ਡੀ.ਸੀ. ਦੇ ਸਰਵੇਖਣ ਵਿਚ ਸੰਸਥਾ ਦੇਸ਼ ਦੇ ਸਰਕਾਰੀ ਸੰਸਥਾਨਾਂ 'ਚੋਂ ਛੇਵੇਂ ਸਥਾਨ 'ਤੇ ਹੈ ਅਤੇ ਇੰਡੀਆ ਟੂਡੇ ਮੈਗਜ਼ੀਨ ਦੇ ਸਰਵੇਖਣ ਵਿਚ ਸੰਸਥਾ ਚੋਟੀ ਦੇ 10 ਸਭ ਤੋਂ ਵਧੀਆ ਹੋਟਲ ਪ੍ਰਬੰਧਨ ਕਾਲਜਾਂ ਤੇ ਵੀਕ ਮੈਗਜ਼ੀਨ ਦੇ ਸਰਵੇਖਣ 'ਚ 11ਵੇਂ ਸਥਾਨ 'ਤੇ ਹੈ ਜੋ ਸਾਰਿਆਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਾਲ 100 ਫ਼ੀਸਦੀ ਨੌਕਰੀਆਂ ਪ੍ਰਾਪਤ ਹੋਈਆਂ ਹਨ ਤੇ ਪ੍ਰੀਖਿਆ ਦਾ ਨਤੀਜਾ ਵੀ 100 ਫ਼ੀਸਦੀ ਰਿਹਾ ਹੈ | ਜਦੋਂ ਕਿ 76 ਵਿਦਿਆਰਥੀਆਂ ਨੂੰ 119 ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸੰਸਥਾ ਦੇ ਫੈਕਲਟੀ ਸੌਰਭ ਕਟਾਰੀਆ ਨੇ ਸਰਕਾਰੀ ਭਾਸ਼ਾ ਵਿਭਾਗ ਦੇ ਗੋਲਡਨ ਜੁਬਲੀ ਸਮਾਗਮ ਵਿਚ ਹਿੱਸਾ ਲਿਆ ਤੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸੰਸਥਾ ਨੇ 2024 ਵਿਚ ਹਿੰਦੀ 'ਚ ਸ਼ਾਨਦਾਰ ਕੰਮ ਕਰਨ ਲਈ ਨਰਕਾਸ ਗੁਰਦਾਸਪੁਰ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਤੀਜੇ ਸਾਲ ਦੀ ਕੁਮਾਰੀ ਪਲਕ ਨੂੰ ਇੰਦਰਾ ਸ਼ਰਮਾ ਫਾਊਾਡੇਸ਼ਨ ਦਾ ਸਰਵੋਤਮ ਆਊਟਗੋਇੰਗ ਵਿਦਿਆਰਥੀ ਪੁਰਸਕਾਰ ਦਿੱਤਾ ਗਿਆ, ਜਿਸ ਵਿਚ 20,000 ਨਕਦ ਅਤੇ ਤਲੇਰਾ ਗਰੁੱਪ ਟਰਾਫ਼ੀ ਕੁਮਾਰੀ ਤਮੰਨਾ ਨੂੰ ਦਿੱਤੀ ਗਈ | 'ਲੇਡੀ ਐਂਡ ਜੈਂਟਲਮੈਨ ਆਫ ਦਿ ਈਅਰ' ਦਾ ਖ਼ਿਤਾਬ ਕੁਮਾਰੀ ਕਸ਼ਿਕਾ ਸ਼ਰਮਾ ਤੇ ਜਸ਼ਨਪ੍ਰੀਤ ਸਿੰਘ ਨੂੰ ਦਿੱਤਾ ਗਿਆ | ਇਸ ਮੌਕੇ ਏ.ਡੀ.ਸੀ. ਗੁਰਸਿਮਰਨ ਸਿੰਘ ਢਿਲੋਂ ਨੇ ਕਿਹਾ ਕਿ ਸੰਸਥਾ ਦੁਆਰਾ ਕੀਤੀਆਂ ਸਾਲਾਨਾ ਪ੍ਰਾਪਤੀਆਂ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਸਟਾਫ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹਨ | ਸਾਬਕਾ ਪਿ੍ੰਸੀਪਲ ਸੀ.ਐਮ. ਭਾਨ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਪ੍ਰਾਪਤੀਆਂ ਦੇ ਆਧਾਰ 'ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |