ਗੁਰਦਾਸਪੁਰ, 5 ਅਪ੍ਰੈਲ (ਪੰਕਜ ਸ਼ਰਮਾ)- ਐਨ.ਆਈ.ਸੀ. ਦਾ ਈ-ਆਫਿਸ ਸਿਸਟਮ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਸਫਲਤਾ ਪੂਰਵਕ ਲਾਗੂ ਕੀਤਾ ਗਿਆ | ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਇੰਫਰਮੈਟਿਕਸ ਅਫ਼ਸਰ ਕਰਨ ਸੋਨੀ ਨੇ ਸੰਭਾਲੀ ਤੇ ਇਸ ਨੂੰ ਸੂਬਾ ਇੰਫਰਮੈਟਿਕਸ ਅਫ਼ਸਰ ਵਿਵੇਕ ਵਰਮਾ ਤੇ ਅਤਿਰਿਕਤ ਸੂਬਾ ਇੰਫਰਮੈਟਿਕਸ ਅਫ਼ਸਰ ਕੰਵਲਜੀਤ ਸਿੰਘ ਪੰਜਾਬ ਦੀ ਰਹਿਨੁਮਾਈ ਹੇਠ ਲਾਗੂ ਕੀਤਾ ਗਿਆ | ਇਹ ਪਹਿਲ ਯੂਨੀਵਰਸਿਟੀ ਵਿਚ ਈ-ਗਵਰਨੈਂਸ ਪ੍ਰਥਾਵਾਂ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ | ਇਹ ਪਲੇਟਫ਼ਾਰਮ ਡਿਜੀਟਲ ਫਾਈਲ ਮੈਨੇਜਮੈਂਟ, ਤੇਜ਼ ਸੰਚਾਰ ਤੇ ਸੰਗਠਿਤ ਰਿਕਾਰਡ-ਕੀਪਿੰਗ ਦੀ ਸਹੂਲਤ ਪ੍ਰਦਾਨ ਕਰੇਗਾ ਜਿਸ ਨਾਲ ਪ੍ਰਸ਼ਾਸਨਿਕ ਪ੍ਰਕਿਰਿਆਵਾਂ 'ਚ ਪਾਰਦਰਸ਼ਤਾ, ਜਵਾਬਦੇਹੀ ਤੇ ਕੁਸ਼ਲਤਾ ਵਧੇਗੀ, ਕਾਗ਼ਜ਼ੀ ਕਾਰਵਾਈ ਘਟੇਗੀ ਤੇ ਵਾਤਾਵਰਨ ਲਈ ਅਨੁਕੂਲ ਸਥਿਤੀ ਬਣੇਗੀ | ਕੁੱਲ 24 ਅਧਿਕਾਰੀ ਜਿਨ੍ਹਾਂ ਵਿਚ ਨੋਡਲ ਅਧਿਕਾਰੀ ਤੇ ਮਾਸਟਰ ਟਰੇਨਰ ਸ਼ਾਮਿਲ ਸਨ, ਨੇ ਇਕ ਵਿਆਪਕ ਟ੍ਰੇਨਿੰਗ ਸੈਸ਼ਨ 'ਚ ਹਿੱਸਾ ਲਿਆ | ਟ੍ਰੇਨਿੰਗ ਵਿਚ ਈ-ਆਫਿਸ ਸਿਸਟਮ ਦੇ ਮੁੱਖ ਮਡਿਊਲ ਕਵਰ ਕੀਤੇ ਗਏ ਜਿਵੇਂ ਈ-ਫਾਈਲ (ਡਰਾਫ਼ਟ, ਰਸੀਦ ਹੈਂਡਲਿੰਗ ਤੇ ਫਾਈਲ ਮੈਨੇਜਮੈਂਟ), ਨਾਲੈਜ ਮੈਨੇਜਮੈਂਟ ਸਿਸਟਮ ਤੇ ਈ ਡਿਸਪੈਚ ਤਾਂ ਜੋ ਯੂਨੀਵਰਸਿਟੀ 'ਚ ਸਿਸਟਮ ਦੀ ਸੁਗਮ ਅਪਣਾਇਸ਼ ਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ |