ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪੰਡੋਰੀ ਮਹੰਤਾਂ ਵਿਖੇ ਹਲਕਾਏ ਕੁੱਤਿਆਂ ਦੀ ਭਰਮਾਰ ਹੋਣ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪਰ ਇਸ ਪਾਸੇ ਸਿਹਤ ਵਿਭਾਗ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਬੀਤੇ ਕੱਲ੍ਹ ਇਕ ਹਲਕਾਏ ਕੁੱਤੇ ਨੇ ਪਿੰਡ ਪੰਡੋਰੀ ਮਹੰਤਾਂ ਤੇ ਤਾਲਿਬਪੁਰ ਦੇ ਤਿੰਨ ਵਿਅਕਤੀਆਂ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਨੰੂ ਵੱਢ ਕੇ ਜ਼ਖ਼ਮੀ ਕਰ ਦਿੱਤਾ ਹੈ | ਪੀੜਤ ਅਸ਼ਵਨੀ ਤੇ ਬੱਬੀ ਨੇ ਦੱਸਿਆ ਕਿ ਉਹ ਗਲੀ ਵਿਚ ਖੜ੍ਹੀ ਸੀ ਕਿ ਹਲਕਾਏ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਇਸੇ ਤਰ੍ਹਾਂ ਪਿੰਡ ਤਾਲਿਬਪੁਰ ਦੇ ਜੁਵਰਾਜ ਅਤੇ ਇਕ ਹੋਰ ਵਿਅਕਤੀ ਨੰੂ ਵੀ ਹਲਕਾਏ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ | ਉਨ੍ਹਾਂ ਦੱਸਿਆ ਕਿ ਲਾਵਾਰਿਸ ਕੁੱਤਿਆਂ ਦੀ ਇਲਾਕੇ ਅੰਦਰ ਇੰਨੀ ਜ਼ਿਆਦਾ ਗਿਣਤੀ ਹੈ ਕਿ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹਨ | ਅਜਿਹੀਆਂ ਘਟਨਾਵਾਂ ਨਾਲ ਬਜ਼ੁਰਗ ਤੇ ਬੱਚੇ ਵੀ ਸਹਿਮੇ ਹੋਏ ਹਨ | ਹਲਕਾਏ ਕੁੱਤੇ ਦੇ ਵੱਢਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਜ਼ਖ਼ਮੀਆਂ ਨੰੂ ਸਰਕਾਰੀ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੇ ਟੀਕੇ ਲਗਾ ਕੇ ਘਰ ਵਾਪਸ ਭੇਜ ਦਿੱਤਾ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਡਾ: ਸ਼ਸ਼ੀ ਦੱਤਾ ਅਤੇ ਹੋਰ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਲਵਾਰਿਸ ਤੇ ਹਲਕਾਏ ਕੁੱਤਿਆਂ ਨੰੂ ਕਾਬੂ ਕਰਨ ਲਈ ਠੋਸ ਕਾਰਵਾਈ ਕੀਤੀ ਜਾਵੇ |