ਬਟਾਲਾ, 7 ਅਪ੍ਰੈਲ (ਸਤਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ (ਪੁਨਰ ਸੁਰਜੀਤ) ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਮਾਜਿਕ ਬਾਈਕਾਟ ਸਬੰਧੀ ਦਿੱਤੇ ਗਏ ਬਿਆਨ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਮੱੁਖ ਮੰਤਰੀ ਨੂੰ ਕਿਸੇ ਵੀ ਪੰਥਕ ਸੰਸਥਾ ਬਾਰੇ ਬੋਲਣ ਤੋਂ ਪਹਿਲਾਂ ਇਤਿਹਾਸਕ ਤੱਥਾਂ ਅਤੇ ਸ਼ਬਦਾਂ ਦੀ ਸੁਚੱਜੀ ਚੋਣ ਦਾ ਧਿਆਨ ਰੱਖਣਾ ਚਾਹੀਦਾ ਹੈ | ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ 106 ਸਾਲ ਪੁਰਾਣੀ ਉਹ ਮਾਣਮੱਤੀ ਪਾਰਟੀ ਹੈ, ਜਿਸ ਨੇ ਹਮੇਸ਼ਾ ਕੌਮ ਦੀ ਵਾੜ ਬਣ ਕੇ ਰਾਖੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮਿਆਂ ਨੇ ਪਾਰਟੀ ਦੇ ਅੰਦਰੂਨੀ ਸੁਧਾਰ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਹੈ | ਇਸ ਇਤਿਹਾਸਕ ਫੈਸਲੇ ਨਾਲ ਅਕਾਲੀ ਦਲ ਆਪਣੇ ਅੰਦਰ ਆਈਆਂ ਬੁਰਾਈਆਂ ਨੂੰ ਕੱਢ ਕੇ ਇਕ ਵਾਰ ਫਿਰ ਪੁਨਰ ਸੁਰਜੀਤ ਹੋ ਰਿਆ ਹੈ | ਅੱਜ ਪੰਜਾਬ ਦੇ ਲੋਕ ਇਸ ਨਵੇਂ ਰੂਪ ਵਿਚ ਉੱਭਰੇ ਅਕਾਲੀ ਦਲ ਨੂੰ ਖੁੱਲ੍ਹੇ ਮਨ ਅਤੇ ਬਾਹਵਾਂ ਨਾਲ ਜੀ ਆਇਆਂ ਆਖ ਰਹੇ ਹਨ, ਜਿਸ ਕਾਰਨ ਪਾਰਟੀ ਨੂੰ ਸ਼ਹਿਰਾਂ, ਪਿੰਡਾਂ ਅਤੇ ਘਰਾਂ ਵਿਚ ਮੁੜ ਭਰਵਾਂ ਹੁੰਗਾਰਾ ਮਿਲਣ ਲੱਗਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਇਸ ਵਧਦੀ ਲੋਕਪਿ੍ਯਤਾ ਅਤੇ ਸ਼ਾਨ ਨੂੰ ਦੇਖ ਕੇ ਵਿਰੋਧੀ ਧਿਰਾਂ ਅਤੇ ਖਾਸ ਕਰ ਕੇ ਸੱਤਾਧਾਰੀ ਸਰਕਾਰ ਬੁਖਲਾਹਟ ਵਿਚ ਆ ਗਈ ਹੈ | ਮੁੱਖ ਮੰਤਰੀ ਵਲੋਂ ਇਕ ਵਿਅਕਤੀ ਨੂੰ ਮੁੱਦਾ ਬਣਾ ਕੇ ਸਮੁੱਚੀ ਪਾਰਟੀ ਦਾ ਸਮਾਜਿਕ ਬਾਈਕਾਟ ਕਰਨ ਲਈ ਲੋਕਾਂ ਨੂੰ ਉਕਸਾਉਣਾ ਨਾ ਸਿਰਫ ਅਣਉਚਿਤ ਹੈ, ਸਗੋਂ ਲੋਕਤੰਤਰੀ ਮਰਿਆਦਾਵਾਂ ਦੇ ਵੀ ਖਿਲਾਫ਼ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਆਪਣੇ ਗੁਨਾਹ ਕਬੂਲ ਕੇ ਬਾਅਦ ਵਿਚ ਮੁਕਰ ਜਾਂਦੇ ਹਨ, ਉਨ੍ਹਾਂ ਦਾ ਸਿਆਸੀ ਤੇ ਸਮਾਜਿਕ ਅੰਤ ਪਹਿਲਾਂ ਹੀ ਤੈਅ ਹੋ ਚੁੱਕਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਅੱਜ ਆਪਣੀਆਂ ਗੱਲਾਂ ਸੁਣਾਉਣ ਲਈ ਵੀ ਪੈਸੇ ਅਤੇ ਸ਼ਰਾਬ ਦੇ ਕੇ ਭੀੜ ਇਕੱਠੀ ਕਰਨੀ ਪੈਂਦੀ ਹੈ, ਪਰ ਅਕਾਲੀ ਦਲ ਦਾ ਵਿਰਸਾ ਸਿਧਾਂਤਾਂ 'ਤੇ ਅਧਾਰਿਤ ਹੈ, ਲਾਲਚ 'ਤੇ ਨਹੀਂ | ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਆਸੀ ਲੜਾਈ ਸੁਖਬੀਰ ਸਿੰਘ ਬਾਦਲ ਨਾਲ ਹੋ ਸਕਦੀ ਹੈ ਅਤੇ ਉਹ ਉਨ੍ਹਾਂ ਖਿਲਾਫ ਬੋਲਣ ਲਈ ਆਜਾਦ ਹਨ, ਪਰ 106 ਸਾਲ ਪੁਰਾਣੀ ਪੰਥਕ ਪਾਰਟੀ ਅਕਾਲੀ ਦਲ ਖਿਲਾਫ ਜ਼ਹਿਰ ਉਗਲਣ ਤੋਂ ਉਹ ਗੁਰੇਜ਼ ਕਰਨ | ਉਨ੍ਹਾਂ ਜੋਰ ਦੇ ਕੇ ਮੰਗ ਕੀਤੀ ਕਿ ਮੁੱਖ ਮੰਤਰੀ ਤੁਰੰਤ ਅਕਾਲੀ ਦਲ ਦੇ ਸਮਾਜਿਕ ਬਾਈਕਾਟ ਵਾਲਾ ਆਪਣਾ ਗੈਰ-ਜਿੰਮੇਵਾਰਾਨਾ ਬਿਆਨ ਵਾਪਸ ਲੈਣ |