ਗੁਰਦਾਸਪੁਰ, 7 ਅਪ੍ਰੈਲ (ਅਸ਼ੋਕ ਸ਼ਰਮਾ)-ਭਾਰਤ ਵਿਚ ਪਹਿਲੇ ਫ਼ੇਜ਼ ਦੀ ਮਕਾਨ ਸੂਚੀ ਕਰਨ ਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ 52 ਦੇ ਕਰੀਬ ਫ਼ੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਪੰਚਾਇਤ ਭਵਨ ਵਿਖੇ ਚੱਲ ਰਹੀ ਹੈ | ਉਕਤ ਟਰੇਨਿੰਗ 9 ਅਪ੍ਰੈਲ ਨੂੰ ਵੀ ਹੋਵੇਗੀ | ਅੱਜ ਟਰੇਨਿੰਗ ਵਿਚ ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਮ- ਜ਼ਿਲ੍ਹਾ ਸ਼ੈਂਸਜ ਅਫ਼ਸਰ ਵਲੋਂ ਸ਼ਿਰਕਤ ਕੀਤੀ ਗਈ | ਉਨ੍ਹਾਂ ਵਲੋਂ ਫ਼ੀਲਡ ਟਰੇਨਰਾਂ ਨੂੰ ਵੱਧ ਤੋਂ ਵੱਧ ਗਿਣਤੀਕਾਰਾਂ ਅਤੇ ਸ਼ੈਂਸਜ ਸੁਪਰਵਾਈਜ਼ਰ ਨੂੰ ਸਵੈ-ਗਣਨਾ ਕਰਨ ਲਈ ਪ੍ਰੇਰਿਤ ਕਰਨ ਬਾਰੇ ਉਤਸ਼ਾਹਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਹਿਲੀ ਵਾਰ ਪੰਜਾਬ ਦੇ ਵਸਨੀਕ 30 ਅਪੈ੍ਰਲ ਤੋਂ 14 ਮਈ ਤੱਕ ਸ਼ੈਂਸਜ ਲਈ ਸਵੈ-ਗਣਨਾ ਕਰ ਸਕਦੇ ਹਨ | ਪੰਜਾਬ ਵਿਚ ਪਹਿਲੇ ਫ਼ੇਜ਼ ਦੀ ਜਨਗਣਨਾ, ਮਕਾਨ ਸੂਚੀ ਕਰਨ ਅਤੇ ਮਕਾਨਾਂ ਦੀ ਗਣਨਾ 15 ਮਈ ਤੋਂ ਲੈ ਕੇ 13 ਜੂਨ 2026 ਤੱਕ ਹੋਵੇਗੀ | ਸਵੈ-ਗਣਨਾ ਕਰਨ ਲਈ ਪੋਰਟਲ 30 ਅਪ੍ਰੈਲ ਤੋਂ ਖੋਲਿ੍ਹਆ ਜਾ ਰਿਹਾ ਹੈ | ਟ੍ਰੇਨਿੰਗ ਵਿਚ ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਰਾਜੇਸ਼ ਸ਼ਰਮਾ, ਸਹਾਇਕ ਡਾਇਰੈਕਟਰ ਸੈਂਸਜ ਚੰਡੀਗੜ੍ਹ ਤੋਂ ਸੁਪ੍ਰੀਆ ਅਤੇ ਅੰਕਸ਼ ਸ਼ਰਮਾ ਸ਼ੈਨਜ ਅਫ਼ਸਰ ਹਾਜਰ ਸਨ | ਜ਼ਿਲ੍ਹਾ ਗੁਰਦਾਸਪੁਰ ਦੇ ਸੈਂਸਜ਼ ਮਾਸਟਰ ਟਰੇਨਰ ਲੈਕ: ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ) ਅਤੇ ਲੈਕ: ਸੰਜੀਵ ਕੁਮਾਰ ਵਲੋਂ ਡਿਜੀਟਲ ਟਰੇਨਿੰਗ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ |