ਨੌਸ਼ਹਿਰਾ ਮੱਝਾ ਸਿੰਘ, 7 ਅਪ੍ਰੈਲ (ਰਵੀ ਭਗਤ)-ਰੋਡ ਸੇਫਟੀ ਐਕਟ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਾਸ਼ਟਰੀ ਰਾਜ ਮਾਰਗ 'ਤੇ ਚੱਲ ਰਹੇ ਤੂੜੀ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਓਵਰ ਲੋਡਿੰਗ ਵਾਹਨ ਕਿਸੇ ਅਣਸੁਖਾਵੀਂ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ | ਇਹ ਓਵਰਲੋਡ ਵਾਹਨ ਖਾਸ ਤੌਰ 'ਤੇ ਖਤਰਨਾਕ ਸਾਬਤ ਹੁੰਦੇ ਹਨ, ਜੋ ਦੂਜੇ ਰਾਹਗੀਰਾਂ ਲਈ ਖਤਰਾ ਪੈਦਾ ਕਰ ਰਹੇ ਹਨ | ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਮੁਹਤਬਰਾਂ ਨੇ ਕਿਹਾ ਕਿ ਤੂੜੀ ਨਾਲ ਭਰੇ ਟਰੱਕ ਅਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਦੀ ਰਾਤ ਵੇਲੇ ਰਾਸ਼ਟਰੀ ਰਾਜ ਮਾਰਗ 'ਤੇ ਚੱਲਣ ਦੀ ਮਨਾਹੀ ਹੋਣੀ ਚਾਹੀਦੀ ਹੈ | ਇਨਾਂ ਕਈ ਵਾਹਨ ਚਾਲਕਾਂ ਕੋਲ ਰੀਅਰ ਰਿਫਲੈਕਟਰ ਵੀ ਨਹੀਂ ਹੁੰਦਾ, ਇਸ ਲਈ ਰਾਤ ਨੂੰ ਅੱਗੇ ਜਾਂ ਪਿੱਛੇ ਤੋਂ ਆਉਣ ਵਾਲੇ ਡਰਾਈਵਰ ਵਾਹਨ ਦੇ ਅਕਾਰ ਤੋਂ ਅਨਜਾਣ ਹੁੰਦੇ ਹਨ ਅਤੇ ਇਹ ਓਵਰਲੋਡਿੰਗ ਵਾਹਨਾਂ ਕਾਰਨ ਵੱਡੇ ਸੜਕ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ | ਦੱਸਣਯੋਗ ਹੈ ਕਿ ਪਹਿਲਾਂ ਵੀ ਇਨਾਂ ਓਵਰਲੋਡਿੰਗ ਵਾਹਨਾਂ ਕਾਰਨ ਹਾਈਵੇ 'ਤੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਪੁਲਿਸ ਤੇ ਸਿਵਲ ਪ੍ਰਸਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ | ਇਸ ਸਬੰਧੀ ਆਰ.ਟੀ.ਓ. ਗੁਰਦਾਸਪੁਰ ਮੈਡਮ ਨਵਜੋਤ ਸ਼ਰਮਾ ਪੀ.ਸੀ.ਐਸ. ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨਾਂ ਵਲੋਂ ਓਵਰਲੋਡਿੰਗ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਗਈ |