ਪਠਾਨਕੋਟ, 7 ਅਪ੍ਰੈਲ (ਸੰਧੂ)-ਸਥਾਨਿਕ ਸਿੰਬਲ ਚੌਕ ਸਥਿਤ ਰਾਜ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਕਾਬਲੀਅਤ ਅਤੇ ਤੁਰੰਤ ਇਲਾਜ ਨਾਲ ਇਕ 4 ਸਾਲਾ ਮਾਸੂਮ ਦੀ ਜ਼ਿੰਦਗੀ ਬਚਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ | ਛੱਤ 'ਤੇ ਖੇਡਦੇ ਸਮੇਂ ਪੌੜ੍ਹੀਆਂ ਤੋਂ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਬੱਚੇ ਨੂੰ ਹਸਪਤਾਲ ਦੀ ਟੀਮ ਨੇ ਸਮੇਂ ਸਿਰ ਇਲਾਜ ਦੇ ਕੇ ਮੌਤ ਦੇ ਮੂੰਹ ਤੋਂ ਬਾਹਰ ਕੱਢ ਲਿਆ | ਜਾਣਕਾਰੀ ਅਨੁਸਾਰ 4 ਸਾਲਾ ਆਸ਼ੀਸ਼ ਕੁਮਾਰ ਆਪਣੇ ਘਰ ਦੀ ਛੱਤ 'ਤੇ ਖੇਡ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਪੌੜ੍ਹੀਆਂ ਤੋਂ ਹੇਠਾਂ ਡਿੱਗ ਗਿਆ | ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਆਉਣ ਕਾਰਨ ਉਹ ਬੇਹੋਸ਼ ਹੋ ਗਿਆ | ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਾਜੁਕ ਹਾਲਤ ਵਿਚ ਰਾਜ ਹਸਪਤਾਲ ਲੈ ਕੇ ਪਹੁੰਚੇ | ਡਾ. ਅਨਿਲ ਗਰਗ ਅਤੇ ਉਨ੍ਹਾਂ ਦੀ ਮਾਹਿਰ ਟੀਮ ਨੇ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕੀਤਾ ਅਤੇ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੱਚੇ ਨੂੰ ਤੁਰੰਤ ਵੈਂਟੀਲੇਟਰ 'ਤੇ ਰੱਖਿਆ ਗਿਆ | ਡਾਕਟਰਾਂ ਨੇ ਰਾਤ-ਦਿਨ ਨਿਗਰਾਨੀ ਕਰਦੇ ਹੋਏ ਇਲਾਜ ਜਾਰੀ ਰੱਖਿਆ, ਜਿਸ ਨਾਲ ਕੁਝ ਹੀ ਸਮੇਂ ਵਿਚ ਬੱਚੇ ਦੀ ਹਾਲਤ 'ਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਜਾਨ ਬਚਾ ਲਈ ਗਈ | ਬੱਚੇ ਦੀ ਮਾਤਾ ਜੋਤੀ ਬਾਲਾ ਨੇ ਭਾਵੁਕ ਹੋ ਕੇ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਅਨਿਲ ਗਰਗ ਨੇ ਦੱਸਿਆ ਕਿ ਬੱਚਾ ਕੌਮਾਂ ਵਰਗੀ ਹਾਲਤ ਵਿਚ ਸੀ | ਉਸ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਹੋ ਰਹੀ ਸੀ | ਇਸ ਲਈ ਤੁਰੰਤ ਵੈਂਟੀਲੇਟਰ 'ਤੇ ਰੱਖ ਕੇ ਗੰਭੀਰ ਇਲਾਜ ਸ਼ੁਰੂ ਕੀਤਾ ਗਿਆ | ਉਨ੍ਹਾਂ ਕਿਹਾ ਕਿ 24 ਘੰਟਿਆਂ ਦੇ ਅੰਦਰ ਬੱਚੇ ਦੀ ਹਾਲਤ ਵਿਚ ਚਮਤਕਾਰਿਕ ਸੁਧਾਰ ਆਇਆ ਅਤੇ ਹੁਣ ਉਹ ਪੂਰੀ ਤਰ੍ਹਾਂ ਹੋਸ਼ ਵਿਚ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਉੱਚੀਆਂ ਥਾਵਾਂ 'ਤੇ ਇਕੱਲਾ ਨਾ ਛੱਡਣ ਤੇ ਕਿਸੇ ਵੀ ਗੰਭੀਰ ਹਾਦਸੇ ਦੀ ਸਥਿਤੀ ਵਿਚ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣ |