ਸੁਲਤਾਨਪੁਰ ਲੋਧੀ, 7 ਅਪ੍ਰੈਲ (ਨਰੇਸ਼ ਹੈਪੀ)-ਆਖ਼ਰ ਨਸ਼ਿਆਂ ਦੇ ਦੈਂਤ ਨੇ ਇਕ ਮਾਂ ਦਾ ਆਖ਼ਰੀ ਤੇ ਪੰਜਵਾਂ ਪੁੱਤ ਵੀ ਨਿਗਲ ਲਿਆ | ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ 'ਚ ਇਕ ਮਾਂ ਵਲੋਂ ਪਹਿਲਾਂ ਚਾਰ ਪੁੱਤ ਵਹਾਉਣ ਤੋਂ ਬਾਅਦ ਬਚੀ ਹੋਈ ਇਕ ਉਮੀਦ ਦੀ ਕਿਰਨ ਉਸ ਦੇ ਪੰਜਵੇਂ ਪੁੱਤ ਨੂੰ ਵੀ ਪੰਜਾਬ ਸਰਕਾਰ ਵਲੋਂ ਲਗਾਈ ਗੁਹਾਰ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੀਂਦ ਤੋਂ ਜਾਗਿਆ ਤੇ ਉਸ ਦੇ ਪੰਜਵੇਂ ਪੁੱਤ ਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਤੇ ਫਿਰ ਹਾਲਤ ਗੰਭੀਰ ਹੋਣ 'ਤੇ ਉਸ ਨੰੂ ਗੁਰੂ ਨਾਨਕ ਮੈਡੀਕਲ ਹਸਪਤਾਲ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਜਿਥੇ ਸ਼ਾਮ ਨੂੰ ਉਹ ਵੀ ਦਮ ਤੋੜ ਗਿਆ | ਐਸ. ਐਸ. ਪੀ. ਕਪੂਰਥਲਾ ਵਲੋਂ ਪੈੱ੍ਰਸ ਨੂੰ ਦਿੱਤੇ ਬਿਆਨ ਵਿਚ ਕਿ ਉਸ ਦੇ ਚਾਰ ਪੁੱਤਰਾਂ ਦੀ ਮੌਤ ਦੇ ਵੱਖ-ਵੱਖ ਕਾਰਨ ਸਨ, ਤੋਂ ਗ਼ੁੱਸੇ 'ਚ ਲਬਰੇਜ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਪੁੱਤ ਮੈਂ ਜੰਮੇ ਹਨ ਕਿ ਐਸ. ਐਸ. ਪੀ. ਨੇ, ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ ਕਿ ਮੇਰੇ ਪੁੱਤਰਾਂ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ | ਉਨ੍ਹਾਂ ਕਿਹਾ ਕਿ ਜਿਸ ਪੁੱਤਰ ਦੀ ਅੱਗ ਨਾਲ ਸੜ ਕੇ ਮੌਤ ਹੋਣ ਦੀ ਗੱਲ ਐਸ. ਐਸ. ਪੀ. ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੌਤ ਉਸ ਦੀ ਸੜਨ ਕਾਰਨ ਹੀ ਹੋਈ ਹੈ ਪਰ ਰਾਤ ਨੂੰ ਨਸ਼ੇ ਦਾ ਓਵਰਡੋਜ਼ ਸੇਵਨ ਕਰਨ ਉਪਰੰਤ ਬੀੜੀ ਪੀਂਦੇ ਹੋਏ ਉਸ ਦੇ ਬੈੱਡ ਨੂੰ ਅੱਗ ਲੱਗ ਗਈ | ਜਿਸ ਪੁੱਤਰ ਦੀ ਜੇਲ੍ਹ 'ਚ ਹੋਈ ਮੌਤ ਦਾ ਕਾਰਨ ਦੱਸਿਆ ਗਿਆ, ਮੇਰੇ ਉਸ ਪੁੱਤਰ ਨੂੰ ਪੰਜਾਬ ਪੁਲਿਸ ਦਾ ਹੀ ਇਕ ਮੁਲਾਜ਼ਮ ਤੋਤੀ ਤੋਂ ਨਸ਼ੇ ਲੈਣ ਲਈ ਮੋਟਰਸਾਈਕਲ 'ਤੇ ਲੈ ਕੇ ਜਾ ਰਿਹਾ ਸੀ ਜਿਥੇ ਫੜੇ ਜਾਣ 'ਤੇ ਪੁਲਿਸ ਨੇ ਆਪਣਾ ਮੁਲਾਜ਼ਮ ਤਾਂ ਛੱਡ ਦਿੱਤਾ ਪਰ ਮੇਰੇ ਪੁੱਤਰ ਤੇ ਨਸ਼ੇ ਦਾ ਕੇਸ ਪਾ ਕੇ ਉਸ ਨੰੂ ਜੇਲ੍ਹ 'ਚ ਸੁੱਟ ਦਿੱਤਾ ਅਤੇ ਪੈਸੇ ਨਾ ਦਿੱਤੇ ਜਾਣ 'ਤੇ ਉਸਦੀ ਜੇਲ੍ਹ 'ਚ ਮੌਤ ਹੋ ਗਈ | ਉਸ ਨੇ ਕਿਹਾ ਕਿ ਮੈਂ ਤਾਂ ਆਪਣੇ ਪੰਜ ਪੁੱਤ ਗਵਾ ਦਿੱਤੇ ਹਨ ਤੇ ਜੇਕਰ ਪੁਲਿਸ ਕਿਸੇ ਹੋਰ ਦਾ ਪੁੱਤ ਬਚਾ ਸਕਦੀ ਹੈ ਤਾਂ ਬਚਾ ਲਵੇ ਨਹੀਂ ਤਾਂ ਜਨਤਾ ਦੇ ਸਾਹਮਣੇ ਉਹ ਸਾਰਾ ਕੁੱਝ ਬਿਆਨ ਕਰੇਗੀ |
ਮਾਂ ਦਾ ਪੰਜਵਾਂ ਪੁੱਤ ਵੀ ਚੜਿ੍ਹਆ ਨਸ਼ਿਆਂ ਦੀ ਭੇਟ <br/>
ਅਜੀਤ ਡੈਸਕ
08-04-2026