ਘੁਮਾਣ, 9 ਅਪ੍ਰੈਲ (ਬੰਮਰਾਹ)-ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਦਾਣਾ ਮੰਡੀ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਪਿਓ-ਪੁੱਤ ਪੁਲਿਸ ਤੋਂ ਇਨਸਾਫ ਲੈਣ ਲਈ ਟਾਵਰ 'ਤੇ ਚੜਿਆਂ ਨੂੰ 30 ਘੰਟੇ ਬੀਤ ਚੁੱਕੇ ਹਨ | ਪੁਲਿਸ ਤੇ ਕਿਸਾਨ ਯੂਨੀਅਨ ਦੇ ਦਬਾਅ ਕਾਰਨ ਭਾਵੇਂ ਪੁਲਿਸ ਵਲੋਂ ਚੁੱਕੇ ਗਏ ਦੂਸਰੇ ਪੁੱਤਰ ਨੂੰ ਪੁਲਿਸ ਨੇ ਛੱਡ ਦਿੱਤਾ, ਪਰ ਟਾਵਰ 'ਤੇ ਚੜੇ ਪਿਓ-ਪੁੱਤ ਨੇ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਿੰਨਾ ਚਿਰ ਤੱਕ ਸਾਡੇ 'ਤੇ ਦਰਜ ਕੀਤਾ 326 ਦਾ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ, ਕਤਲ ਕਰਨ ਵਾਲੇ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਨਹੀਂ ਹੁੰਦੀਆਂ ਅਤੇ ਮਾਨਯੋਗ ਕੋਰਟ ਵਿਚ ਤਰੀਕ ਭੁਗਤਣ ਮੌਕੇ ਪੁਲਿਸ ਵਲੋਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਂਦੀ, ਉਹ ਆਪਣੀਆਂ ਮੰਗਾਂ 'ਤੇ ਕਾਇਮ ਰਹਿੰਦਿਆਂ ਟਾਵਰ 'ਤੇ ਚੜੇ ਰਹਿਣਗੇ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਫਿਰ ਵੀ ਸੁਣਵਾਈ ਨਾ ਕੀਤੀ ਤਾਂ ਟਾਵਰ ਤੋਂ ਹੇਠਾਂ ਆਉਣ ਦੀ ਬਜਾਏ ਉੱਪਰ ਚੜਨਗੇ | ਜ਼ਿਕਰਯੋਗ ਹੈ ਕਿ ਪਏ ਭਾਰੀ ਮੀਂਹ ਦੌਰਾਨ ਵੀ ਉਕਤ ਪਿਓ-ਪੁੱਤਰ ਟਾਵਰ 'ਤੇ ਚੜੇ ਰਹੇ | ਇਸ ਮੌਕੇ ਪੁਲਿਸ ਵਲੋਂ ਹਿਰਾਸਤ 'ਚ ਲਏ ਸ਼ਮਸ਼ੇਰ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਮੈਨੂੰ 8 ਅਪ੍ਰੈਲ ਨੂੰ ਸਵੇਰੇ 6 ਵਜੇ ਤੜਕਸਾਰ ਬਟਾਲਾ ਸਿੰਬਲ ਚੌਕੀ ਦੇ ਪੁਲਿਸ ਮੁਲਾਜ਼ਮ ਫੜ ਕੇ ਲੈ ਗਏ, ਜਦਕਿ ਮੇਰਾ ਕਿਸੇ ਪਰਚੇ ਵਿਚ ਨਾਂਅ ਸ਼ਾਮਿਲ ਨਹੀਂ ਸੀ | ਉਸ ਨੇ ਕਿਹਾ ਕਿ ਪੁਲਿਸ ਨੇ ਮੇਰੇ ਨਾਲ ਮਾਰ-ਕਟਾਈ ਵੀ ਕੀਤੀ ਅਤੇ 12 ਘੰਟੇ ਨਾਜਾਇਜ਼ ਹਿਰਾਸਤ ਵਿਚ ਰੱਖਿਆ | ਇਥੋਂ ਤੱਕ ਕਿ ਮੇਰੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਗੱਲ ਤੱਕ ਨਹੀਂ ਕਰਵਾਈ ਗਈ | ਇਸ ਮੌਕੇ ਪਹੁੰਚੇ ਡੀਐਸਪੀ ਹੈੱਡਕੁਆਰਟਰ ਟੀ.ਪੀ. ਸਿੰਘ ਨੇ ਦੱਸਿਆ ਕਿ ਟਾਵਰ 'ਤੇ ਚੜੇ ਹਰਦੇਵ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਇਨਕੁਆਰੀ ਲਈ ਲਿਖਤੀ ਦਰਖਾਸਤ ਦੇਣ ਤਾਂ ਹੀ ਇਨਕੁਆਰੀ ਸੰਭਵ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਜਿਦ 'ਤੇ ਅੜੇ ਹੋਏ ਹਨ, ਇਹ ਸਾਰਾ ਮਸਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਹੈ | ਇਸ ਸਾਰੇ ਮਸਲੇ ਵਿਚ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਵਰ 'ਤੇ ਚੜੇ ਪਿਓ-ਪੁੱਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ, ਪਰ ਉੱਥੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਵਲੋਂ ਇਨ੍ਹਾਂ ਪਿਓ-ਪੁੱਤਰ ਨੂੰ ਇਨਸਾਫ ਦਿਵਾਉਣ ਲਈ ਗੇੜਾ ਤੱਕ ਨਹੀਂ ਮਾਰਿਆ | ਇਸ ਮਸਲੇ 'ਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐਸਐਸਪੀ ਬਟਾਲਾ ਨਾਲ ਗੱਲਬਾਤ ਕੀਤੀ ਹੈ | ਇਸ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ |