ਬਟਾਲਾ, 9 ਅਪ੍ਰੈਲ (ਸਤਿੰਦਰ ਸਿੰਘ)- ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਖਰਾਬ ਮੌਸਮ ਤੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਆੜ੍ਹਤੀਆਂ ਦੀ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਸਾਥੀਆਂ ਸਮੇਤ ਕੀਤਾ | ਪ੍ਰਧਾਨ ਜੌਲੀ ਨੇ ਕਿਹਾ ਕਿ 6 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ 8 ਅਪ੍ਰੈਲ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੰੁਡੀਆਂ ਨਾਲ ਹੋਈ ਮੀਟਿੰਗ ਦੌਰਾਨ ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੜ੍ਹਤਾਲ ਮੁਲਤਵੀ ਕਰਨ ਲਈ ਹਾਮੀ ਭਰੀ ਹੈ | ਉਨ੍ਹਾਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਆੜ੍ਹਤੀਆਂ ਦੇ ਹਿੱਤਾਂ ਲਈ ਸੰਘਰਸ਼ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਪੂਰੀ ਆੜ੍ਹਤ ਲੈਣ ਅਤੇ ਵੱਖ-ਵੱਖ ਏਜੰਸੀਆਂ ਵਲੋਂ ਆੜ੍ਹਤੀਆਂ ਦੇ ਕੱਟੇ ਗਏ ਪੈਸਿਆਂ ਨੂੰ ਲੈ ਕੇ ਸੰਘਰਸ਼ ਚਲਦਾ ਰਹੇਗਾ | ਪ੍ਰਧਾਨ ਜੌਲੀ ਨੇ ਕਿਹਾ ਕਿ ਕਈ ਜ਼ਿਲਿ੍ਹਆਂ 'ਚ ਮੌਸਮ ਦੀ ਖਰਾਬੀ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਮਾਝੇ ਬੈਲਟ 'ਚ ਵੀ ਗੜੇਮਾਰੀ ਹੋਈ ਹੈ ਜਿਸ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ | ਉਨ੍ਹਾਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਾਹਲੀ 'ਚ ਗਿੱਲੀ ਕਣਕ ਦੀ ਫਸਲ ਨਾ ਵਢਾਈ ਜਾਵੇ | ਉਨ੍ਹਾਂ ਕਿਹਾ ਕਿ ਗਿੱਲੀ ਕਣਕ ਮੰਡੀਆਂ 'ਚ ਨਹੀਂ ਵਿਕੇਗੀ ਤੇ ਕਿਸਾਨ ਭਰਾ ਖੱਜਲ-ਖੁਆਰੀ ਤੋਂ ਬਚਣ ਲਈ ਕਣਕ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਵਢਾਉਣ | ਇਸ ਮੌਕੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਹਰੂਵਾਲ, ਕਵਲਜੀਤ ਸਿੰਘ ਸ਼ਾਹ, ਪਰਮਜੀਤ ਸਿੰਘ ਵੜੈਚ, ਅਵਤਾਰ ਸਿੰਘ ਗੁਰਾਇਆ, ਰਿਪੀ ਬਾਜਵਾ, ਅਮਨ ਪ੍ਰਾਸ਼ਰ, ਆਸ਼ੂ ਅਗਰਵਾਲ, ਲਵਲੀ ਕੁਮਾਰ, ਸੰਜੀਵ ਕੁਮਾਰ ਚੀਨੀ, ਜੋਗਿੰਦਰ ਕੁਮਾਰ ਆਦਿ ਹਾਜ਼ਰ ਸਨ |