ਪਠਾਨਕੋਟ, 9 ਅਪ੍ਰੈਲ (ਸੁਮਿਤ)- ਪਠਾਨਕੋਟ ਨਗਰ ਨਿਗਮ ਨੇ ਜਾਇਦਾਦ ਅਤੇ ਹਾਊਸ ਟੈਕਸ ਦਾ ਭੁਗਤਾਨ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ | ਨਿਗਮ ਸਕੱਤਰ ਸੁਮਨ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣਾ ਟੈਕਸ ਨਹੀਂ ਦਿੱਤਾ ਹੈ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਨਿਗਮ ਟੀਮਾਂ ਨੂੰ ਟੈਕਸ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਜਲਦੀ ਹੀ ਡਿਫਾਲਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਸੁਮਨ ਕੁਮਾਰ ਅਨੁਸਾਰ ਨਿਗਮ ਨੇ ਹੁਣ ਤੱਕ 136 ਯੂਨਿਟਾਂ ਤੋਂ ਲਗਪਗ 253,000 ਇਕੱਠੇ ਕੀਤੇ ਹਨ | ਇਹ ਰਕਮ 38 ਫੀਸਦੀ ਜੁਰਮਾਨੇ ਨਾਲ ਇਕੱਠੀ ਕੀਤੀ ਗਈ ਸੀ ਜਿਸ ਵਿਚ 20 ਫੀਸਦੀ ਜੁਰਮਾਨਾ ਤੇ 18 ਫੀਸਦੀ ਵਿਆਜ ਸ਼ਾਮਿਲ ਹੈ | ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਖਪਤਕਾਰਾਂ ਨੇ ਵਧੇ ਹੋਏ ਜੁਰਮਾਨੇ ਦੇ ਬਾਵਜੂਦ ਆਪਣੇ ਬਕਾਇਆ ਟੈਕਸ ਅਦਾ ਕਰ ਦਿੱਤੇ ਹਨ ਪਰ ਵੱਡੀ ਗਿਣਤੀ 'ਚ ਲੋਕ ਅਜੇ ਵੀ ਅਦਾਇਗੀ ਨਹੀਂ ਕਰ ਰਹੇ ਹਨ | ਨਗਰ ਨਿਗਮ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਟੈਕਸ ਨਹੀਂ ਦਿੱਤਾ ਹੈ, ਉਨ੍ਹਾਂ ਨੂੰ ਹੋਰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ | ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਨਿਗਮ ਟੀਮਾਂ ਜਲਦੀ ਹੀ ਡਿਫਾਲਟਰਾਂ ਦੀਆਂ ਜਾਇਦਾਦਾਂ 'ਤੇ ਪਹੁੰਚ ਕੇ ਸੀਲਿੰਗ ਕਾਰਵਾਈਆਂ ਸ਼ੁਰੂ ਕਰਨਗੀਆਂ | ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮਕਾਨ ਤੇ ਜਾਇਦਾਦ ਟੈਕਸ ਸਮੇਂ ਸਿਰ ਅਦਾ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |