ਗੁਰਦਾਸਪੁਰ, 12 ਅਪ੍ਰੈਲ (ਪੰਕਜ ਸ਼ਰਮਾ)-ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਵਿਚ 'ਬਹੁ-ਅਨੁਸ਼ਾਸਨੀ ਡੋਮੇਨਾਂ ਵਿਚ ਹਾਲੀਆ ਰੁਝਾਨ' ਵਿਸ਼ੇ 'ਤੇ ਨੈਸ਼ਨਲ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਦੇ ਡੀਨ ਅਕੈਡਮਿਕ ਡਾ: ਯਾਦਵਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦਾ ਸਵਾਗਤ ਗੁਲਦਸਤਾ ਅਤੇ ਦੁਸ਼ਾਲਾ ਭੇਟ ਕਰਕੇ ਕੀਤਾ ਗਿਆ | ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਅਤੇ ਚੀਫ਼ ਮੈਨੇਜਿੰਗ ਡਾਇਰੈਕਟਰ ਡਾ: ਰਾਘਵ ਮਹਾਜਨ ਨੇ ਮੁੱਖ ਮਹਿਮਾਨ ਦਾ ਉਨ੍ਹਾਂ ਦੇ ਬਿਜ਼ੀ ਸ਼ੈਡਿਊਲ ਵਿਚੋਂ ਸਮਾਂ ਕੱਢ ਕੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਹਾਰਦਿਕ ਸਵਾਗਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾਕਟਰ ਆਰ.ਸੀ. ਗੰਗਵਾਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਾਰੇ ਖੋਜਕਰਤਾਵਾਂ ਦਾ ਸਵਾਗਤ ਕੀਤਾ | ਉਪਰੰਤ ਡਾ: ਯਾਦਵਿੰਦਰ ਸਿੰਘ ਬਰਾੜ ਨੇ ਸਾਰੇ ਖੋਜਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਖੋਜ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਅਤੇ ਆਪਣੇ-ਆਪਣੇ ਖੇਤਰਾਂ ਵਿਚ ਵਧੇਰੇ ਖੋਜ ਕਾਰਜ ਕਰਨ ਅਤੇ ਖੋਜ ਪੱਤਰ ਲਿਖਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਖੋਜ ਕਾਰਜ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਉੱਜਵਲ ਭਵਿੱਖ ਅਤੇ ਕੈਰੀਅਰ ਬਣਾਉਣ ਵਿਚ ਬਹੁਤ ਹੀ ਸਹਾਇਕ ਸਿੱਧ ਹੁੰਦਾ ਹੈ | ਉਨ੍ਹਾਂ ਨੇ ਕਾਲਜ ਦੀ ਮੈਨੇਜਮੈਂਟ ਨੂੰ ਵੀ ਸਾਰੇ ਖੋਜਾਰਥੀਆਂ ਨੂੰ ਪੋ੍ਰਤਸਾਹਿਤ ਕਰਨ ਅਤੇ ਇਸ ਤਰ੍ਹਾਂ ਦੇ ਗਿਆਨ ਵਰਧਕ ਖੋਜ ਨੂੰ ਵਧਾਵਾ ਦੇਣ ਲਈ ਧੰਨਵਾਦ ਕੀਤਾ | ਸੰਮੇਲਨ ਵਿਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਅਤੇ ਖੋਜਕਰਤਾਵਾਂ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ | ਇਹ ਸੰਮੇਲਨ ਖੋਜ ਅਤੇ ਅਕਾਦਮਿਕ ਉੱਤਮਤਾ ਨੂੰ ਪੇਸ਼ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਸਾਬਤ ਹੋਇਆ | ਇਸ ਦੇ ਬਾਅਦ ਪਿ੍ੰਸੀਪਲ ਡਾ: ਨਿਧੀ ਮਹਾਜਨ ਨੇ ਵੋਟ ਆਫ ਥੈਂਕਸ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਸਾਰੇ ਖੋਜਕਰਤਾਵਾਂ ਦਾ ਇਸ ਨੈਸ਼ਨਲ ਕਾਨਫ਼ਰੰਸ ਨੰੂ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਉਣ ਦਾ ਭਰੋਸਾ ਦਿੱਤਾ |