ਬਟਾਲਾ, 12 ਅਪ੍ਰੈਲ (ਸਤਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਕਾਲਜ ਬਟਾਲਾ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਪ੍ਰਦਰਸ਼ਨੀ ਲਗਾਈ ਗਈ | ਇਹ ਉਪਰਾਲਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ, ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸਾਂ ਤੇ ਕਾਲਜ ਪਿ੍ੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਪਿ੍ੰਸੀਪਲ ਡਾ.ਚਰਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਵਿਰਸੇ ਦੀ ਪੇਸ਼ਕਾਰੀ ਪ੍ਰਦਰਸ਼ਨੀ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਅਤੇ ਸੰਗਤਾਂ ਨੂੰ ਸਿੱਖ ਧਰਮ ਦੇ ਲਾਸਾਨੀ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨਾ ਸੀ | ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਪ੍ਰਦਰਸਨੀ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ, ਗੁਰੂ ਸਾਹਿਬਾਨ ਦੇ ਜੀਵਨ ਫਲਸਫੇ ਅਤੇ ਸੂਰਬੀਰ ਜਰਨੈਲਾਂ ਦੀਆਂ ਕੁਰਬਾਨੀਆਂ ਨੂੰ ਬਹੁਤ ਹੀ ਖੂਬਸੂਰਤ ਮਾਡਲਾਂ, ਤੇਲ ਚਿੱਤਰਾਂ ਅਤੇ ਹੱਥ-ਲਿਖਤ ਚਾਰਟਾਂ ਰਾਹੀਂ ਪੇਸ਼ ਕੀਤਾ | ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਇਸ ਪ੍ਰਦਰਸਨੀ ਵਿਚ ਵਿਸ਼ੇਸ ਦਿਲਚਸਪੀ ਦਿਖਾਈ | ਵਿਦਿਆਰਥੀਆਂ ਵਲੋਂ ਬਣਾਏ ਗਏ ਇਤਿਹਾਸਕ ਅਸਥਾਨਾਂ ਦੇ ਮਾਡਲ ਖਾਸ ਖਿੱਚ ਦਾ ਕੇਂਦਰ ਰਹੇ | ਸੰਗਤਾਂ ਨੇ ਵਿਦਿਆਰਥੀਆਂ ਦੀ ਇਸ ਸਿਰਜਣਾਤਮਕ ਮਿਹਨਤ ਦੀ ਰੱਜ ਕੇ ਸ਼ਲਾਘਾ ਕੀਤੀ | ਇਸ ਮੌਕੇ ਡਾ. ਗੁਰਬੀਰ ਸਿੰਘ ਬਰਾੜ, ਡਾ. ਹਰਮੀਤ ਕੌਰ, ਡਾ. ਮਨਦੀਪ ਕੌਰ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਬਚਿੱਤਰ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਮਖ ਸਿੰਘ, ਪ੍ਰੋ. ਰਾਜਬੀਰ ਕੌਰ, ਪ੍ਰੋ. ਸੁਭਪ੍ਰੀਤ ਕੌਰ, ਪ੍ਰੋ. ਨਰਿੰਦਰ ਕੌਰ, ਕਸਮੀਰ ਸਿੰਘ, ਗੁਰਪਿੰਦਰ ਸਿੰਘ ਅਤੇ ਲਖਬੀਰ ਸਿੰਘ, ਨਜਿੰਦਰਪਾਲ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿਚ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ |