ਬਟਾਲਾ, 15 ਅਪ੍ਰੈਲ (ਸਤਿੰਦਰ ਸਿੰਘ)- ਪਿਛਲੇ ਕਰੀਬ 20 ਸਾਲਾਂ ਤੋਂ ਬਟਾਲਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਵਰਕਰਾਂ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਦੀ ਅਗਵਾਈ ਹੇਠ ਅੱਜ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕਲਸੀ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ, ਬਟਾਲਾ ਮੈਡੀਕਲ ਤੇ ਸਰਕਾਰੀ ਕਾਲਜ ਮਜ਼ਦੂਰ ਕਰਨ, ਸਿਵਲ ਹਸਪਤਾਲ ਬਟਾਲਾ ਨੂੰ ਅਪਗਰੇਡ ਕਰ ਕੇ ਅੰਮਿ੍ਤਸਰ ਗੁਰੂ ਨਾਨਕ ਹਸਪਤਾਲ ਵਾਲਾ ਦਰਜਾ ਦੇਣ, ਬੁਢਾਪਾ ਤੇ ਹੋਰ ਪੈਨਸ਼ਨਾਂ 3000 ਰੁਪਏ ਕਰਨ, ਬਟਾਲਾ 'ਚ ਜ਼ਿਲ੍ਹਾ ਪੱਧਰੀ ਆਧੁਨਿਕ ਸਹੂਲਤਾਂ ਵਾਲਾ ਮਜ਼ਦੂਰ ਹਸਪਤਾਲ ਬਣਾਉਣ, ਆਧੁਨਿਕ ਸਹੂਲਤਾਂ ਵਾਲਾ ਜਨਰਲ ਬੱਸ ਅੱਡਾ ਮਨਜ਼ੂਰ ਕਰਨ ਆਦਿ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਤੇ ਹੁਣ ਵਾਲੀ ਸਰਕਾਰ ਵਿਚ ਕੋਈ ਫਰਕ ਨਹੀਂ ਹੈ | ਮਾਨ ਸਰਕਾਰ ਨੂੰ ਕਈ ਮੰਗ ਪੱਤਰ ਭੇਜੇ ਗਏ ਹਨ ਪਰ ਇਸ ਸਰਕਾਰ ਨੇ ਵੀ ਲੋਕ ਹਿੱਤ ਮੰਗਾਂ ਨੂੰ ਨਜ਼ਰ ਅੰਦਾਜ ਕੀਤਾ ਹੈ |