ਪਠਾਨਕੋਟ, 15 ਅਪ੍ਰੈਲ (ਸੰਧੂ)- ਆਲ ਇੰਡੀਆ ਰੇਲਵੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਪਠਾਨਕੋਟ ਸ਼ਾਖਾ ਵਲੋਂ 38ਵਾਂ ਸਾਲਾਨਾ ਅਧਿਵੇਸ਼ਨ ਨੈਰੋਗੇਜ ਪਲੇਟਫ਼ਾਰਮ 'ਤੇ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਾਖਾ ਪ੍ਰਧਾਨ ਸੋਮਦੱਤ ਸ਼ਰਮਾ ਦੇ ਸਵਾਗਤੀ ਭਾਸ਼ਣ ਨਾਲ ਹੋਈ | ਸਮਾਗਮ ਵਿਚ 100 ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਮੈਂਬਰਾਂ ਲੋਕੋ ਪਾਇਲਟ ਰਮੇਸ਼ ਚੰਦਰ, ਤਰਸੇਮ ਸਿੰਘ ਸੈਣੀ ਤੇ ਮੋਹਿੰਦਰ ਸਿੰਘ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੱਤਰ ਵੀ.ਪੀ. ਸੈਣੀ ਵਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਜਦਕਿ ਖ਼ਜ਼ਾਨਚੀ ਅਮੀਨ ਚੰਦਰ ਸੈਣੀ ਨੇ ਸਾਲ 2025 ਦਾ ਲੇਖਾ-ਜੋਖਾ ਪੇਸ਼ ਕੀਤਾ | ਅਧਿਵੇਸ਼ਨ ਦੌਰਾਨ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਪਿਛਲੀ ਸ਼ਾਖਾ ਕਮੇਟੀ ਦਾ ਕਾਰਜਕਾਲ ਸਮਾਪਤ ਹੋਣ ਉਪਰੰਤ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਸੋਮਦੱਤ ਸ਼ਰਮਾ ਨੂੰ ਪ੍ਰਧਾਨ, ਵੀ.ਪੀ. ਸੈਣੀ ਨੂੰ ਸਕੱਤਰ ਅਤੇ ਜਗਦੀਸ਼ ਚੰਦਰ ਨੂੰ ਖ਼ਜ਼ਾਨਚੀ ਚੁਣਿਆ ਗਿਆ | ਸਭਾ ਵਿਚ ਮੁੱਖ ਮਹਿਮਾਨ ਏ.ਡੀ.ਐਮ.ਈ. ਰਮਨ ਸ਼ਰਮਾ, ਡਾ: ਅਨਿਲ ਕੁਮਾਰ, ਚੇਅਰਮੈਨ ਪੂਰਨ ਸਿੰਘ ਬਾਜਵਾ, ਸਰਪ੍ਰਸਤ ਬਨਾਰਸੀ ਲਾਲ ਤੇ ਕਾਰਜਕਾਰੀ ਪ੍ਰਧਾਨ ਵੀ.ਡੀ. ਖਜੂਰੀਆ ਨੇ ਆਪਣੇ ਸੰਬੋਧਨਾਂ ਰਾਹੀਂ ਪੈਨਸ਼ਨਰਾਂ ਦੀਆਂ ਸਮੱਸਿਆਵਾਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਡਾ: ਅਨਿਲ ਕੁਮਾਰ ਨੇ ਚਿਕਿਤਸਾ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ |