ਘਰੋਟਾ, 16 ਅਪ੍ਰੈਲ (ਸੰਜੀਵ ਗੁਪਤਾ) ਬਲਾਕ ਤੇ ਪੰਚਾਇਤ ਦਫ਼ਤਰ ਘਰੋਟਾ ਵਿਚ ਪੰਚਾਇਤ ਪ੍ਰਤੀਨਿਧੀਆਂ, ਪੰਚਾਇਤ ਸਕੱਤਰਾਂ ਤੇ ਬਲਾਕ ਸਟਾਫ਼ ਦੀ ਮੀਟਿੰਗ ਦੀ ਅਗਵਾਈ ਬਲਾਕ ਤੇ ਪੰਚਾਇਤ ਸਮਿਤੀ ਘਰੋਟਾ ਦੇ ਚੇਅਰਮੈਨ ਪਵਨ ਕੁਮਾਰ ਭਾਰਦਵਾਜ ਨੇ ਕੀਤੀ, ਜਦਕਿ ਬੀ.ਡੀ.ਪੀ.ਓ. ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਰਹੇ | ਇਸ ਮੌਕੇ ਚੇਅਰਮੈਨ ਪਵਨ ਕੁਮਾਰ ਭਾਰਦਵਾਜ ਨੇ ਕਿਹਾ ਕਿ ਬਲਾਕ ਘਰੋਟਾ ਨੂੰ ਜ਼ਿਲ੍ਹੇ ਦਾ ਮਾਡਲ ਬਲਾਕ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਕੀ ਜਾਂ ਆਰਥਿਕ ਰੁਕਾਵਟ ਨੂੰ ਦੂਰ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਤੇ ਸੰਬੰਧਿਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਬਿਨਾਂ ਭੇਦਭਾਵ ਕੰਮ ਕੀਤੇ ਹਨ | ਮੀਟਿੰਗ ਦੌਰਾਨ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਤੇ ਪ੍ਰਤੀਨਿਧੀਆਂ ਨੇ ਆਪਣੇ ਪਿੰਡਾਂ ਨਾਲ ਸੰਬੰਧਿਤ ਸਮੱਸਿਆਵਾਂ ਰੱਖੀਆਂ | ਇਨ੍ਹਾਂ ਵਿਚ ਵਿਕਾਸ ਕਾਰਜਾਂ ਲਈ ਫ਼ੰਡ ਦੀ ਲੋੜ, ਅਧੂਰੇ ਪ੍ਰੋਜੈਕਟ, ਸਫ਼ਾਈ ਪ੍ਰਬੰਧ, ਪਾਣੀ ਨਿਕਾਸੀ ਆਦਿ ਮੁੱਦੇ ਸ਼ਾਮਿਲ ਸਨ | ਚੇਅਰਮੈਨ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਨਿਰਦੇਸ਼ ਦਿੱਤੇ ਤੇ ਲੋੜੀਂਦੇ ਕਾਰਜਾਂ ਲਈ ਫ਼ੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ | ਚੇਅਰਮੈਨ ਪਵਨ ਭਾਰਦਵਾਜ ਨੇ ਪੰਚਾਇਤ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਧੜੇਬੰਦੀ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਹਿਤ ਵਿਚ ਕੰਮ ਕਰਨ | ਬੀ.ਡੀ.ਪੀ.ਓ. ਵਿਜੇ ਕੁਮਾਰ ਨੇ ਵੀ ਪੰਚਾਇਤਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਠੀਕ ਢੰਗ ਨਾਲ ਲੈਣ ਅਤੇ ਸਮੇਂ ਸਿਰ ਕੰਮ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਰਾਜ, ਪਰਮਾਨੰਦ, ਸੁਰਜੀਤ ਕੁਮਾਰ, ਸਰਵਜੀਤ ਕੁਮਾਰ, ਬਲਦੇਵ ਰਾਜ, ਮੁੰਨਾ ਸਿੰਘ, ਰਾਜਿੰਦਰ ਕੁਮਾਰ, ਸੁਨੀਲ ਕੁਮਾਰ, ਵਿਜੇ ਕੁਮਾਰ, ਰਾਜੀਵ ਕੁਮਾਰ ਸਮੇਤ ਪੰਚਾਇਤ ਸਕੱਤਰ ਅੰਕੁਸ਼ ਸੈਣੀ, ਮਨੋਜ ਕੁਮਾਰ ਅਤੇ ਹੋਰ ਹਾਜ਼ਰ ਸਨ |