ਪਠਾਨਕੋਟ, 19 ਅਪ੍ਰੈਲ (ਸੁਮਿਤ)- ਪਠਾਨਕੋਟ ਦੇ ਇੰਪਰੂਵਮੈਂਟ ਟਰੱਸਟ ਨੇ ਪਲਾਟ ਹੋਲਡਰਾਂ ਲਈ ਵਨ ਟਾਈਮ ਸੈਟਲਮੈਂਟ (ਓ. ਟੀ. ਐਸ.) ਯੋਜਨਾ ਲਾਗੂ ਕੀਤੀ ਹੈ | ਚੇਅਰਮੈਨ ਸੌਰਭ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸਕੀਮ ਉਨ੍ਹਾਂ ਲੋਕਾਂ ਲਈ ਲਿਆਂਦੀ ਗਈ ਹੈ, ਜਿਨ੍ਹਾਂ ਨੇ ਪਹਿਲਾਂ ਪਲਾਟ ਤਾਂ ਖਰੀਦ ਲਏ ਸਨ ਪਰ ਸਮੇਂ 'ਤੇ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ | ਹੁਣ ਐਸੇ ਪਲਾਟ ਹੋਲਡਰ 15 ਮਈ 2026 ਤੱਕ ਇਸ ਯੋਜਨਾ ਅਧੀਨ ਬਕਾਇਆ ਰਕਮ ਇਕਮੁਸ਼ਤ ਜਮ੍ਹਾਂ ਕਰਵਾ ਕੇ ਆਪਣੇ ਪਲਾਟ ਰੈਗੂਲਰ ਕਰਵਾ ਸਕਦੇ ਹਨ | ਚੇਅਰਮੈਨ ਬਹਿਲ ਮੁਤਾਬਿਕ ਕਈ ਲੋਕਾਂ ਨੇ ਬੋਲੀ ਰਾਹੀਂ ਪਲਾਟ ਲੈਣ ਤੋਂ ਬਾਅਦ ਇਕ-ਦੋ ਕਿਸ਼ਤਾਂ ਭਰਨ ਮਗਰੋਂ ਭੁਗਤਾਨ ਕਰਨਾ ਬੰਦ ਕਰ ਦਿੱਤਾ ਸੀ ਜਿਸ ਨਾਲ ਟਰੱਸਟ ਨੂੰ ਨੁਕਸਾਨ ਹੋ ਰਿਹਾ ਸੀ | ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨੇ ਓ.ਟੀ.ਐਸ. ਸਕੀਮ ਸ਼ੁਰੂ ਕੀਤੀ ਹੈ, ਤਾਂ ਜੋ ਬਕਾਇਆ ਰਕਮ ਦੀ ਵਸੂਲੀ ਹੋ ਸਕੇ ਤੇ ਲੋਕਾਂ ਨੂੰ ਵੀ ਰਾਹਤ ਮਿਲੇ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਇਕ ਸੀਮਿਤ ਸਮੇਂ ਲਈ ਯੋਜਨਾ ਹੈ ਤੇ ਅੰਤਿਮ ਮਿਤੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਜਾਵੇਗੀ, ਜੇ 15 ਮਈ ਤੱਕ ਭੁਗਤਾਨ ਨਹੀਂ ਕੀਤਾ ਗਿਆ ਤਾਂ ਟਰੱਸਟ ਨਿਯਮਾਂ ਅਨੁਸਾਰ ਪਲਾਟ ਨੂੰ ਮੁੜ ਆਪਣੇ ਕਬਜ਼ੇ ਵਿਚ ਲੈ ਲਵੇਗਾ | ਚੇਅਰਮੈਨ ਨੇ ਸਾਰੇ ਡਿਫਾਲਟਰ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਲੈ ਕੇ ਜਲਦੀ ਤੋਂ ਜਲਦੀ ਆਪਣੀ ਬਕਾਇਆ ਰਕਮ ਜਮ੍ਹਾਂ ਕਰਵਾਉਣ |