ਪਠਾਨਕੋਟ, 19 ਅਪ੍ਰੈਲ (ਸੰਧੂ))- ਡਲਹੌਜ਼ੀ ਰੋਡ ਸਥਿਤ ਅਮਨਦੀਪ ਹਸਪਤਾਲ ਵਲੋਂ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਮੁਫ਼ਤ 'ਫਾਈਬ੍ਰੋਸਕੈਨ ਕੈਂਪ' ਲਗਾਇਆ ਗਿਆ ਜਿਸ ਨੂੰ ਉਜਾਲਾ ਸਿਗਨਸ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਆਪਣੇ ਲੀਵਰ ਦੀ ਜਾਂਚ ਕਰਵਾ ਕੇ ਲਾਭ ਪ੍ਰਾਪਤ ਕੀਤਾ | ਹਸਪਤਾਲ ਦੇ ਫੈਸੀਲਿਟੀ ਡਾਇਰੈਕਟਰ ਵਿਜੇ ਕੁਮਾਰ ਥਾਪਾ ਨੇ ਦੱਸਿਆ ਕਿ ਪਠਾਨਕੋਟ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨ੍ਹੀ ਮਹਿੰਗੀ ਤੇ ਮਹੱਤਵਪੂਰਨ ਜਾਂਚ ਪੂਰੀ ਤਰ੍ਹਾਂ ਮੁਫ਼ਤ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਇਸ ਟੈਸਟ ਦੀ ਕੀਮਤ ਲਗਪਗ 4000 ਤੋਂ 5000 ਰੁਪਏ ਹੁੰਦੀ ਹੈ ਪਰ ਹਸਪਤਾਲ ਵਲੋਂ ਲੋਕ ਭਲਾਈ ਦੇ ਮੱਦੇਨਜ਼ਰ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਫੈਟੀ ਲੀਵਰ, ਸਿਰੋਸਿਸ ਤੇ ਲੀਵਰ ਡੈਮੇਜ ਦੀ ਸਮੇਂ ਸਿਰ ਪਹਿਚਾਣ ਕਰਨਾ ਹੈ | ਉਨ੍ਹਾਂ ਖ਼ਾਸ ਕਰਕੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਲੀਵਰ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਗੈਸਟ੍ਰੋਐਂਟਰੋਲੋਜਿਸਟ ਡਾ: ਮੁਸ਼ਫਿਕ ਸਈਦ ਨੇ 110 ਤੋਂ ਵੱਧ ਮਰੀਜ਼ਾਂ ਦੇ ਫਾਈਬ੍ਰੋਸਕੈਨ ਟੈਸਟ ਕੀਤੇ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਡਾਇਰੈਕਟਰ ਵਿਜੇ ਥਾਪਾ ਨੇ ਇਸ ਕੈਂਪ ਦੀ ਸਫਲਤਾ ਲਈ ਇਲਾਕੇ ਦੀ ਜਨਤਾ ਦਾ ਧੰਨਵਾਦ ਕੀਤਾ |