ਘਰੋਟਾ, 21 ਅਪ੍ਰੈਲ (ਸੰਜੀਵ ਗੁਪਤਾ)-ਪੰਜਾਬ ਸਰਕਾਰ ਵਲੋਂ ਚੱਲ ਰਹੇ ਕਣਕ ਖ਼ਰੀਦ ਸੀਜ਼ਨ ਦੌਰਾਨ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਨਰੰਗਪੁਰ ਦਾ ਅਚਾਨਕ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਮੰਡੀ ਵਿਚ ਖ਼ਰੀਦ ਪ੍ਰਕਿਰਿਆ, ਸੁਵਿਧਾਵਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ | ਮੰਤਰੀ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਹਰ ਇਕ ਦਾਣੇ ਦੀ ਖ਼ਰੀਦ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਪੈਣ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖ਼ਰੀਦ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ ਅਤੇ ਤੇਜ਼ੀ ਬਣਾਈ ਰੱਖੀ ਜਾਵੇ | ਇਸ ਦੌਰਾਨ ਕਿਸਾਨਾਂ ਨੇ ਮੰਤਰੀ ਦੇ ਧਿਆਨ ਵਿਚ ਮੰਡੀ ਨਾਲ ਸੰਬੰਧਿਤ ਕੁਝ ਮੁੱਖ ਮਸਲੇ ਰੱਖੇ | ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ਵਿਚ ਪੱਕੇ ਅਨਾਜ ਸ਼ੈਡ ਬਣਾਏ ਜਾਣ ਤਾਂ ਜੋ ਮੌਸਮ ਖ਼ਰਾਬ ਹੋਣ ਦੀ ਸਥਿਤੀ ਵਿਚ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਡੀ ਦੇ ਫਲੋਰ (ਫੜ) ਨੂੰ ਤਬਦੀਲ ਕਰਨ ਦੀ ਵੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਕਰੀਬ 20 ਸਾਲ ਬੀਤ ਜਾਣ ਦੇ ਬਾਵਜੂਦ ਫਲੋਰ ਦੀ ਮੁਰੰਮਤ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਕੱਚੇ ਫ਼ਰਸ਼ 'ਤੇ ਫ਼ਸਲ ਲਗਾਉਣੀ ਪੈਂਦੀ ਹੈ ਅਤੇ ਖ਼ਰਾਬ ਡਰੇਨੇਜ ਕਾਰਨ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਵਿਚ ਲਗਪਗ 50 ਹਜ਼ਾਰ ਕੁਇੰਟਲ ਫ਼ਸਲ ਆ ਚੁੱਕੀ ਹੈ, ਜਦਕਿ ਕਰੀਬ 18 ਹਜ਼ਾਰ ਕੁਇੰਟਲ ਦੀ ਖ਼ਰੀਦ ਹੋ ਚੁੱਕੀ ਹੈ | ਇਸ ਸਾਲ ਖ਼ਰੀਦ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਮੌਕੇ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀ ਦੇ ਅਧਿਕਾਰੀਆਂ ਤੋਂ ਇਲਾਵਾ ਚੇਅਰਮੈਨ ਪਵਨ ਭਾਰਦਵਾਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ, ਸਾਬਕਾ ਸਰਪੰਚ ਵਿਪਨ ਪਠਾਨੀਆ, ਸੈਕਟਰੀ ਬਲਬੀਰ ਸਿੰਘ ਬਾਜਵਾ, ਪੰਕਜ ਕੁਮਾਰ, ਰਣਜੀਤ ਸਿੰਘ, ਕੰਸ ਰਾਜ ਸੈਣੀ, ਅਤੁੱਲ ਸ਼ਰਮਾ, ਮੋਨੂ ਮਹਾਜਨ, ਅਵਤਾਰ ਸਿੰਘ, ਰਿੱਕੀ ਠਾਕੁਰ, ਦਿਲਬਾਗ ਸਿੰਘ ਅਤੇ ਰਮਨ ਸਮੇਤ ਹੋਰ ਹਾਜ਼ਰ ਸਨ | ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਮੰਡੀ ਵਿਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |