ਤਾਰਾਗੜ੍ਹ, 21 ਅਪ੍ਰੈਲ (ਸੋਹਨ ਲਾਲ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਡਾਂਸ ਸਪੋਰਟਸ ਕੌਂਸਲ ਆਫ਼ ਪੰਜਾਬ ਵਿਚ ਸ਼ਾਰਾਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਸ਼ਾਰਾਂਸ ਇੰਟਰਨੈਸ਼ਨਲ ਸਕੂਲ ਦੇ ਡਾਂਸ ਗਰੁੱਪ ਨੇ ਪਹਿਲਾ ਸਥਾਨ ਅਤੇ ਆਰਟ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਜੇਤਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਿੰਡ ਦਰਸ਼ੋਪੁਰ ਦੇ ਸਰਪੰਚ ਖੁਸ਼ਵੀਰ ਕਾਟਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਦੇ ਚੇਅਰਮੈਨ ਮਾਸਟਰ ਕੁਲਦੀਪ ਰਾਜ ਸੈਣੀ ਅਤੇ ਪਿ੍ੰਸੀਪਲ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਦੀ ਇਸ ਸਫਲਤਾ ਵਿਚ ਵਿਦਿਆਰਥੀਆਂ ਦੀ ਆਪਣੀ ਸਖ਼ਤ ਮਿਹਨਤ ਅਤੇ ਡਾਂਸ ਕੋਚ ਮਿਸਟਰ ਅੰਕਿਤ ਅਤੇ ਆਰਟ ਟੀਚਰ ਮਿਸ ਸਪਨਾ ਦਾ ਵਿਸ਼ੇਸ਼ ਯੋਗਦਾਨ ਦੱਸਿਆ | ਇਸ ਮੌਕੇ ਮੁੱਖ ਮਹਿਮਾਨ ਸਰਪੰਚ ਖੁਸ਼ਵੀਰ ਕਾਟਲ ਨੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ |