ਪਠਾਨਕੋਟ, 21 ਅਪ੍ਰੈਲ (ਸੰਧੂ)ਪਠਾਨਕੋਟ ਵਿਚ ਰੇਲਵੇ ਟਰੈਕ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਮਜ਼ਦੂਰ ਦੀ ਦੁਖਦਾਈ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੀ ਪਹਿਚਾਣ 20 ਸਾਲਾ ਵਿਸ਼ਨੂ ਕੁਮਾਰ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਔਰੈਆ ਜ਼ਿਲ੍ਹੇ ਦੇ ਸਹਾਰ ਥਾਣਾ ਖੇਤਰ ਦੇ ਪਿੰਡ ਪਹਾੜਪੁਰ ਦਾ ਰਹਿਣ ਵਾਲਾ ਸੀ | ਮਿਲੀ ਜਾਣਕਾਰੀ ਅਨੁਸਾਰ ਵਿਸ਼ਨੂ ਕੁਮਾਰ ਪਠਾਨਕੋਟ ਵਿਚ ਰੇਲਵੇ ਪੁਲ ਦੇ ਨਿਰਮਾਣ ਕੰਮ ਦੌਰਾਨ ਮਜ਼ਦੂਰੀ ਕਰ ਰਿਹਾ ਸੀ ਅਤੇ ਕਰੀਬ 10 ਦਿਨ ਪਹਿਲਾਂ ਹੀ ਕੰਮ ਲਈ ਇੱਥੇ ਆਇਆ ਸੀ | ਇਹ ਹਾਦਸਾ ਐਤਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਉਹ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਅਤੇ ਅਚਾਨਕ ਟ੍ਰੇਨ ਦੀ ਲਪੇਟ ਵਿਚ ਆ ਗਿਆ | ਸੋਮਵਾਰ ਸਵੇਰੇ ਜਦੋਂ ਉਸ ਦੀ ਲਾਸ਼ ਉਸ ਦੇ ਜੱਦੀ ਪਿੰਡ ਪਹਾੜਪੁਰ ਪਹੁੰਚੀ ਤਾਂ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਦੇ ਛੋਟੇ ਭਰਾ ਰਿਸ਼ੀ ਕੁਮਾਰ ਨੇ ਦੱਸਿਆ ਕਿ ਵਿਸ਼ਨੂ 20 ਮਾਰਚ ਨੂੰ ਰੁਜ਼ਗਾਰ ਦੀ ਖ਼ਾਤਰ ਪਠਾਨਕੋਟ ਗਿਆ ਸੀ ਅਤੇ ਉੱਥੇ ਇਹ ਹਾਦਸਾ ਵਾਪਰ ਗਿਆ | ਉਨ੍ਹਾਂ ਦੱਸਿਆ ਕਿ ਵਿਸ਼ਨੂ ਕੁਮਾਰ ਆਪਣੇ ਦੋ ਭਰਾਵਾਂ ਵਿਚ ਸਭ ਤੋਂ ਵੱਡਾ ਸੀ ਅਤੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਉਸ ਦੇ ਸਿਰ ਸੀ | ਕੁਝ ਸਾਲ ਪਹਿਲਾਂ ਉਸ ਦੇ ਪਿਤਾ ਸ਼ਨੀਲ ਕੇਵਟ ਦਾ ਵੀ ਦਿਹਾਂਤ ਹੋ ਚੁੱਕਾ ਹੈ | ਜਿਸ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਵਿਸ਼ਨੂ ਉੱਪਰ ਆ ਗਈ ਸੀ |