ਪਠਾਨਕੋਟ, 21 ਅਪ੍ਰੈਲ (ਸੰਧੂ)ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਪ੍ਰਦਾਨ ਕਰਨ ਦੇ ਮੱਦੇਨਜ਼ਰ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ ਵਲੋਂ ਨਵ-ਨਿਰਮਿਤ ਕਾਲੀ ਮਾਤਾ ਮੰਦਿਰ ਰੋਡ ਦਾ ਅਚਾਨਕ ਨਿਰੀਖਣ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਸੜਕ ਦੇ ਨਿਰਮਾਣ ਕਾਰਜ ਦੀ ਗੁਣਵੱਤਾ, ਤਕਨੀਕੀ ਪੱਖ ਤੇ ਸਮੁੱਚੀ ਪ੍ਰਗਤੀ ਦਾ ਧਿਆਨ ਪੂਰਵਕ ਜਾਇਜ਼ਾ ਲਿਆ | ਨਿਰੀਖਣ ਦੌਰਾਨ ਚੇਅਰਮੈਨ ਸੌਰਭ ਬਹਿਲ ਨੇ ਮੌਕੇ 'ਤੇ ਮੌਜੂਦ ਸੰਬੰਧਿਤ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਵਿਸਥਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਸਭ ਤੋਂ ਵੱਡੀ ਤਰਜ਼ੀਹ ਹੈ ਅਤੇ ਕਿਸੇ ਵੀ ਵਿਕਾਸੀ ਕੰਮ ਵਿਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਹੁਕਮ ਦਿੱਤੇ ਕਿ ਸੜਕ ਨਾਲ ਸੰਬੰਧਿਤ ਬਾਕੀ ਰਹਿ ਗਏ ਸਾਰੇ ਕੰਮ ਜਿਵੇਂ ਕਿ ਸਾਈਡ ਡਰੇਨੇਜ, ਮਿੱਟੀ ਦੀ ਲੈਵਲਿੰਗ, ਸੜਕ ਕਿਨਾਰਿਆਂ ਦੀ ਸਫ਼ਾਈ ਅਤੇ ਹੋਰ ਛੋਟੇ-ਮੋਟੇ ਕੰਮ ਤੁਰੰਤ ਮੁਕੰਮਲ ਕੀਤੇ ਜਾਣ | ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਜਿੱਥੇ ਵੀ ਸੜਕ ਵਿਚ ਖ਼ਾਮੀਆਂ ਜਾਂ ਤਕਨੀਕੀ ਕਮੀਆਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਠੀਕ ਕੀਤਾ ਜਾਵੇ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਬੂਲ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਪੱਧਰ 'ਤੇ ਲਾਪ੍ਰਵਾਹੀ ਪਾਈ ਗਈ ਤਾਂ ਸੰਬੰਧਿਤ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਚੇਅਰਮੈਨ ਸੌਰਭ ਬਹਿਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਵਿਕਾਸੀ ਪ੍ਰੋਜੈਕਟਾਂ ਦੀ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਨਿਰਧਾਰਿਤ ਸਮੇਂ ਵਿਚ ਉੱਚ ਮਿਆਰ ਦੇ ਨਾਲ ਕੰਮ ਪੂਰੇ ਹੋ ਸਕਣ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ | ਇਸ ਮੌਕੇ ਪੁਨੀਤ ਓਹਰੀ, ਆਕਾਸ਼ ਸ਼ਰਮਾ, ਸਾਰਥਕ ਮਹਾਜਨ, ਧਰੁਵ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਲੰਟੀਅਰ ਵੀ ਮੌਜੂਦ ਸਨ |